ਚੰਡੀਗੜ੍ਹ, 13 ਫਰਵਰੀ 2025: Chandigarh News: ਪੰਜਾਬ ‘ਚ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਮੁੱਦਾ ਭਖਿਆ ਹੋਇਆ ਹੈ | ਪੰਜਾਬ ਪੁਲਿਸ ਹੁਣ ਤੱਕ 10 ਐੱਫ.ਆਈ.ਆਰ ਦਰਜ ਕਰ ਚੁੱਕੀ ਹੈ |ਪੰਜਾਬ ਪੁਲਿਸ (Punjab Police) ਵੱਲੋਂ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ‘ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਵਿਸ਼ੇਸ਼ ਜਾਂਚ ਟੀਮ (SIT) ਨੇ ਟ੍ਰੈਵਲ ਏਜੰਟਾਂ ਵਿਰੁੱਧ ਦੋ ਹੋਰ ਐਫ.ਆਈ.ਆਰ ਦਰਜ ਕੀਤੀਆਂ ਹਨ, ਜਿਸ ਨਾਲ ਕੁੱਲ ਐਫ.ਆਈ.ਆਰ ਦੀ ਗਿਣਤੀ 10 ਹੋ ਗਈ ਹੈ।
ਦੂਜੇ ਪਾਸੇ ਚੰਡੀਗੜ੍ਹ ਪੁਲਿਸ (Chandigarh Police) ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ‘ਚ ਪੁਲਿਸ ਨੇ 60 ਪਾਸਪੋਰਟ, 2.60 ਲੱਖ ਰੁਪਏ ਨਕਦ ਅਤੇ ਕਈ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ।
ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ‘ਚ ਕੁੱਲ 10 ਤੋਂ ਵੱਧ ਐਫ.ਆਈ.ਆਰ ਦਰਜ ਕੀਤੀਆਂ ਹਨ। ਪੁਲਿਸ ਸਟੇਸ਼ਨ-3 ‘ਚ ਮਾਈਲਸਟੋਨ ਇਮੀਗ੍ਰੇਸ਼ਨ ਦੀ ਮਾਲਕਣ ਅਨੂ ਠਾਕੁਰ ਅਤੇ ਗ੍ਰੀਨਲੈਂਡ ਓਵਰਸੀਜ਼ ਕੰਸਲਟੈਂਸੀ ਦੀ ਮਾਲਕਣ ਅਲਕਾ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ-17 ‘ਚ ਤਿੰਨ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ‘ਚ ਰਾਜ ਕੁਮਾਰ, ਸਾਗਰ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।
ਪੁਲਿਸ ਸਟੇਸ਼ਨ-19 ‘ਚ ਕੈਲਗਰੀ ਓਵਰਸੀਜ਼ ਦੇ ਮਾਲਕ ਹਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦਾ ਲੈਪਟਾਪ ਅਤੇ ਦਸਤਾਵੇਜ਼ ਜ਼ਬਤ ਕਰ ਲਏ ਗਏ। ਪੁਲਿਸ ਸਟੇਸ਼ਨ-31 ‘ਚ ਰੁਪਿੰਦਰ ਅਤੇ ਮੁਹੰਮਦ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਵਿਕਾਸ ਮਲਹੋਤਰਾ, ਵਿਕਾਸ ਬੱਤਰਾ ਅਤੇ ਵਿਨੈ ਚੌਧਰੀ ਵਿਰੁੱਧ ਥਾਣਾ-34 ‘ਚ ਮਾਮਲੇ ਦਰਜ ਕੀਤੇ ਗਏ ਸਨ।
ਜਾਣਕਾਰੀ ਮੁਤਬਕ ਮਲੋਆ ਥਾਣਾ ਖੇਤਰ ‘ਚ ਕੀਤੀ ਸਭ ਤੋਂ ਵੱਡੀ ਕਾਰਵਾਈ ‘ਚ, ਸੱਤਿਅਮ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮਾਲਕਾਂ ਰਾਜਵੀਰ ਸਿੰਘ ਅਤੇ ਸੱਤਿਅਮ ਭਟਨਾਗਰ ਤੋਂ 60 ਪਾਸਪੋਰਟ, 2.60 ਲੱਖ ਰੁਪਏ ਅਤੇ ਇੱਕ ਸੀਪੀਯੂ ਜ਼ਬਤ ਕੀਤਾ ਗਿਆ। ਸਾਰੀਆਂ ਦੋਸ਼ੀ ਕੰਪਨੀਆਂ ਬਿਨਾਂ ਕਿਸੇ ਜਾਇਜ਼ ਇਜਾਜ਼ਤ ਦੇ ਵਿਦੇਸ਼ਾਂ ‘ਚ ਨੌਕਰੀਆਂ ਅਤੇ ਵੀਜ਼ਾ ਦੇਣ ਦੇ ਨਾਮ ‘ਤੇ ਲੋਕਾਂ ਨਾਲ ਧੋਖਾ ਕਰ ਰਹੀਆਂ ਸਨ।
Read More: Guava Orchard Scam: ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂ




