ਚੰਡੀਗੜ੍ਹ, 11 ਦਸੰਬਰ 2023: ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੰਸਦ ਮਹੂਆ ਮੋਇਤਰਾ (Mahua Moitra) ਨੇ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਜਿਕਰਯੋਗ ਹੈ ਕਿ ਉਨ੍ਹਾਂ ਨੂੰ ਕੈਸ਼ ਫਾਰ ਕੂਵੇਰੀ ਮਾਮਲੇ ਵਿੱਚ ਸਵਾਲਾਂ ਵਿੱਚ ਘਿਰੇ ਹੋਣ ਅਤੇ ਲੋਕ ਸਭਾ ਵਿੱਚ ਨੈਤਿਕਤਾ ਕਮੇਟੀ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਸਦਨ ਦੇ ਸਪੀਕਰ ਨੇ ਬਾਹਰ ਕੱਢ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਹੂਆ ਮੋਇਤਰਾ ‘ਤੇ ਸੰਸਦ ‘ਚ ਪੈਸੇ ਲੈਣ ਅਤੇ ਸਵਾਲ ਪੁੱਛਣ ਦਾ ਦੋਸ਼ ਹੈ। ਇਨ੍ਹਾਂ ਦੀ ਜਾਂਚ ਕਰ ਰਹੀ ਸੰਸਦ ਦੀ ਐਥਿਕਸ ਕਮੇਟੀ ਨੇ ਲੋਕ ਸਭਾ ‘ਚ ਮਹੂਆ ਦੇ ਸੰਸਦ ਮੈਂਬਰ ਨੂੰ ਖ਼ਤਮ ਕਰਨ ਦੀ ਸਿਫਾਰਿਸ਼ ਕੀਤੀ ਸੀ। ਬਾਅਦ ‘ਚ ਰਿਪੋਰਟ ਦੇ ਆਧਾਰ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਹੂਆ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ |
ਕਥਿਤ ਪੈਸੇ ਲੈਂਦਿਆਂ ਸਵਾਲ ਪੁੱਛਣ ਦਾ ਪੂਰਾ ਮਾਮਲਾ ਕੀ ਹੈ?
ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ (Mahua Moitra) ‘ਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਦੇ ਇਸ਼ਾਰੇ ‘ਤੇ ਸੰਸਦ ‘ਚ ਸਵਾਲ ਪੁੱਛਣ ਦਾ ਦੋਸ਼ ਹੈ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਲੋਕ ਸਭਾ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਸਬੂਤ ਵਕੀਲ ਜੈ ਅਨੰਤ ਦੇਹਦਰਾਈ ਨੇ ਮੁਹੱਈਆ ਕਰਵਾਏ ਹਨ।
ਲੋਕ ਸਭਾ ਸਪੀਕਰ ਨੂੰ ਲਿਖੇ ਆਪਣੇ ਪੱਤਰ ‘ਚ ਦੂਬੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਕੀਲ ਅਤੇ ਮਹੂਆ ਦੇ ਸਾਬਕਾ ਦੋਸਤ ਜੈ ਅਨੰਤ ਦਾ ਇਕ ਪੱਤਰ ਮਿਲਿਆ ਹੈ, ਜਿਸ ‘ਚ ਉਨ੍ਹਾਂ ਨੇ ਮੋਇਤਰਾ ਅਤੇ ਮਸ਼ਹੂਰ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਵਿਚਾਲੇ ਕਥਿਤ ਰਿਸ਼ਵਤ ਦੇ ਲੈਣ-ਦੇਣ ‘ਤੇ ਸਵਾਲ ਖੜ੍ਹੇ ਕੀਤੇ ਸਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜੈ ਨੇ ਇੱਕ ਵਿਸਤ੍ਰਿਤ ਖੋਜ ਦੇ ਅਧਾਰ ‘ਤੇ ਇਹ ਸਿੱਟਾ ਕੱਢਿਆ ਹੈ ਕਿ ਹਾਲ ਹੀ ਵਿੱਚ ਮੋਇਤਰਾ ਨੇ ਦਰਸ਼ਨ ਹੀਰਾਨੰਦਾਨੀ ਅਤੇ ਉਸਦੀ ਕੰਪਨੀ ਦੇ ਕਥਿਤ ਵਪਾਰਕ ਹਿੱਤਾਂ ਦੀ ਰੱਖਿਆ ਲਈ ਸੰਸਦ ਵਿੱਚ ਉਨ੍ਹਾਂ ਦੁਆਰਾ ਪੁੱਛੇ ਗਏ ਕੁੱਲ 61 ਪ੍ਰਸ਼ਨਾਂ ਵਿੱਚੋਂ ਲਗਭਗ 50 ਸਵਾਲ ਪੁੱਛੇ ਸਨ। ਹਾਲਾਂਕਿ ਮਹੂਆ ਮੋਇਤਰਾ ਨੇ ਜੈ ਅਨੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਝੂਠ ‘ਤੇ ਆਧਾਰਿਤ ਹਨ।
ਇਹ ਵੀ ਦੋਸ਼ ਹੈ ਕਿ ਕਾਰੋਬਾਰੀ ਹੀਰਾਨੰਦਾਨੀ ਨੇ ਵੱਖ-ਵੱਖ ਥਾਵਾਂ ਅਤੇ ਜ਼ਿਆਦਾਤਰ ਦੁਬਈ ਤੋਂ ਸਵਾਲ ਪੁੱਛਣ ਲਈ ਮੋਇਤਰਾ ਦੀ ‘ਲਾਗਇਨ ਆਈਡੀ’ ਦੀ ਵਰਤੋਂ ਕੀਤੀ। ਇਨ੍ਹਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਸਾਰਾ ਮਾਮਲਾ ਐਥਿਕਸ ਕਮੇਟੀ ਨੂੰ ਭੇਜ ਦਿੱਤਾ ਸੀ।
ਨੈਤਿਕਤਾ ਕਮੇਟੀ ਵਿੱਚ ਕੀ ਹੋਇਆ?
ਸੰਸਦ ‘ਚ ਸਵਾਲ ਪੁੱਛਣ ‘ਤੇ ਪੈਸੇ ਲੈਣ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਲੋਕ ਸਭਾ ਦੀ ਐਥਿਕਸ ਕਮੇਟੀ ਨੇ 2 ਨਵੰਬਰ ਨੂੰ ਜਾਂਚ ਕੀਤੀ ਸੀ। 9 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਕਮੇਟੀ ਨੇ ਰਿਸ਼ਵਤ ਲੈਣ ਬਾਰੇ ਸਵਾਲ ਪੁੱਛਣ ਦੇ ਮਾਮਲੇ ਵਿੱਚ ਮੋਇਤਰਾ ਨੂੰ ਲੋਕ ਸਭਾ ਵਿੱਚੋਂ ਕੱਢਣ ਦੀ ਸਿਫ਼ਾਰਸ਼ ਕਰਦਿਆਂ ਆਪਣੀ ਰਿਪੋਰਟ ਸੌਂਪੀ ਸੀ।
ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਸਮੇਤ ਕਮੇਟੀ ਦੇ ਛੇ ਮੈਂਬਰਾਂ ਨੇ ਰਿਪੋਰਟ ਦੇ ਹੱਕ ਵਿੱਚ ਵੋਟ ਪਾਈ ਸੀ। ਜਦੋਂ ਕਿ ਵਿਰੋਧੀ ਪਾਰਟੀਆਂ ਨਾਲ ਸਬੰਧਤ ਕਮੇਟੀ ਦੇ ਚਾਰ ਮੈਂਬਰਾਂ ਨੇ ਅਸਹਿਮਤੀ ਨੋਟ ਪੇਸ਼ ਕੀਤੇ ਸਨ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਰਿਪੋਰਟ ਨੂੰ ‘ਫਿਕਸਡ ਮੈਚ’ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਦਾਇਰ ਸ਼ਿਕਾਇਤ ਦੇ ਸਮਰਥਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ।
ਦੋਸ਼ਾਂ ‘ਤੇ ਮਹੂਆ ਦਾ ਕੀ ਕਹਿਣਾ ਹੈ?
ਇਸ ਤੋਂ ਪਹਿਲਾਂ, ਮਹੂਆ (Mahua Moitra) ਨੇ ਖੁਦ ਐਥਿਕਸ ਕਮੇਟੀ ਦੇ ਸਾਹਮਣੇ ਮੰਨਿਆ ਸੀ ਕਿ ਉਸਨੇ ਸੰਸਦ ਵਿੱਚ ਸਵਾਲ ਪੁੱਛਣ ਲਈ ਪੋਰਟਲ ਨਾਲ ਸਬੰਧਤ ਆਪਣਾ ਆਈਡੀ-ਪਾਸਵਰਡ ਸਾਂਝਾ ਕੀਤਾ ਸੀ। ਹਾਲਾਂਕਿ, ਮਹੂਆ ਮੋਇਤਰਾ ਨੇ ਪਹਿਲਾਂ ਇੱਕ ਬਿਆਨ ਵਿੱਚ ਆਪਣੇ ਸਾਬਕਾ ਸਾਥੀ ਜੈ ਅਨੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਦੋਸ਼ ਝੂਠ ‘ਤੇ ਅਧਾਰਤ ਹਨ।