Raid

ਮਹਾਰਾਸ਼ਟਰ: ਇਨਕਮ ਟੈਕਸ ਵਿਭਾਗ ਦੀ ਸੁਨਿਆਰੇ ਦੀ ਦੁਕਾਨ ‘ਤੇ ਛਾਪੇਮਾਰੀ, 90 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ

ਚੰਡੀਗੜ੍ਹ, 27 ਮਈ, 2024: ਮਹਾਰਾਸ਼ਟਰ (Maharashtra) ਦੇ ਨਾਸਿਕ ਸਥਿਤ ਸੁਰਾਨਾ ਜਵੈਲਰਜ਼ ‘ਤੇ ਇਨਕਮ ਟੈਕਸ ਵਿਭਾਗ (Income Tax Department) ਨੇ ਵੱਡੀ ਛਾਪੇਮਾਰੀ ਕੀਤੀ ਹੈ। ਮਾਲਕ ਵੱਲੋਂ ਕਥਿਤ ਅਣਦੱਸੇ ਲੈਣ-ਦੇਣ ਦੀ ਸੂਚਨਾ ਮਿਲਣ ਮਗਰੋਂ ਸ਼ੁੱਕਰਵਾਰ ਨੂੰ ਇਹ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਸੁਰਾਨਾ ਜਵੈਲਰਜ਼ ਅਤੇ ਉਨ੍ਹਾਂ ਦੀ ਉਸਾਰੀ ਕੰਪਨੀ ਮਹਾਲਕਸ਼ਮੀ ਬਿਲਡਰਜ਼ ਦੇ ਮਾਲਕ ਦੇ ਘਰ ‘ਤੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਕਰੀਬ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਇਨਕਮ ਟੈਕਸ ਵਿਭਾਗ (Income Tax Department) ਨੇ ਸ਼ਨੀਵਾਰ ਸਵੇਰੇ ਗਹਿਣਿਆਂ ਦੀ ਦੁਕਾਨ ਅਤੇ ਮਾਲਕ ਦੇ ਘਰ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਦੀਆਂ ਕਈ ਟੀਮਾਂ ਦਿਨ ਭਰ ਵਿੱਤੀ ਰਿਕਾਰਡ, ਲੈਣ-ਦੇਣ ਡੇਟਾ ਅਤੇ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਨੇ। ਮੀਡੀਆ ਰਿਪੋਰਟਾਂ ਮੁਤਾਬਕ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਕਰੀਬ 30 ਘੰਟੇ ਜਾਰੀ ਰਹੀ। ਇਨਕਮ ਟੈਕਸ ਅਧਿਕਾਰੀਆਂ ਨੇ ਇਸ ਛਾਪੇਮਾਰੀ ‘ਚ ਕਈ ਚੀਜ਼ਾਂ ਜ਼ਬਤ ਕੀਤੀਆਂ ਹਨ। ਉਨ੍ਹਾਂ ਨੇ ਬੰਗਲੇ ਵਿੱਚ ਫਰਨੀਚਰ ਤੋੜ ਕੇ ਵੀ ਨੋਟ ਕੱਢੇ।

ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਅਣਦੱਸੀ ਆਮਦਨ ਅਤੇ ਸੰਭਾਵਿਤ ਸ਼ੱਕੀ ਵਿੱਤੀ ਗਤੀਵਿਧੀਆਂ ਦੀ ਵਿਆਪਕ ਜਾਂਚ ਲਈ ਕੀਤੀ ਗਈ ਸੀ। ਆਮਦਨ ਕਰ ਵਿਭਾਗ ਸੁਰਾਣਾ ਜਵੈਲਰਜ਼ ਅਤੇ ਮਹਾਲਕਸ਼ਮੀ ਬਿਲਡਰਜ਼ ਦੋਵਾਂ ਦੇ ਵਿੱਤੀ ਲੈਣ-ਦੇਣ ਦੇ ਸਾਰੇ ਰਿਕਾਰਡਾਂ ਦੀ ਧਿਆਨ ਨਾਲ ਜਾਂਚ ਕਰ ਰਿਹਾ ਹੈ। ਇਸ ਕਾਰਵਾਈ ਵਿੱਚ ਨਾਸਿਕ, ਨਾਗਪੁਰ ਅਤੇ ਜਲਗਾਓਂ ਦੀਆਂ ਟੀਮਾਂ ਦੇ 50 ਅਧਿਕਾਰੀ ਸ਼ਾਮਲ ਸਨ। ਇਸ ਅਚਾਨਕ ਛਾਪੇਮਾਰੀ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਛਾਪੇਮਾਰੀ ਵਾਲੀਆਂ ਥਾਵਾਂ ‘ਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।

ਉਧਰ ਯੂਪੀ ਦੇ ਆਗਰਾ ‘ਚ ਜੁੱਤੀਆਂ ਦੇ ਵਪਾਰੀਆਂ ‘ਤੇ ਵੀ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਸੂਤਰਾਂ ਮੁਤਾਬਕ ਹੁਣ ਤੱਕ 53 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਕਾਰੋਬਾਰੀਆਂ ਦੇ ਬਿਸਤਰਿਆਂ ਅਤੇ ਗੱਦਿਆਂ ਵਿੱਚ ਵੀ ਪੈਸਾ ਛੁਪਾਇਆ ਗਿਆ ਸੀ ਅਤੇ ਇਸ ਨੂੰ ਗਿਣਨ ਲਈ ਅੱਧੀ ਦਰਜਨ ਮਸ਼ੀਨਾਂ ਲਗਾਈਆਂ ਗਈਆਂ ਹਨ। ਫਿਲਹਾਲ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਚੱਲ ਰਹੀ ਹੈ।

Scroll to Top