ਚੰਡੀਗੜ੍ਹ, 29 ਦਸੰਬਰ 2023: ਪੰਜਾਬ ਦੇ ਕਪੂਰਥਲਾ (Kapurthala) ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਘਰਵਾਲੀ ਮਹਾਰਾਣੀ ਗੀਤਾ ਦੇਵੀ ਦਾ ਕੱਲ੍ਹ ਸ਼ਾਮ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਆਪਣੇ ਪੁੱਤ ਟਿੱਕਾ ਸ਼ਤਰੂਜੀਤ ਸਿੰਘ ਨਾਲ ਗ੍ਰੇਟਰ ਕੈਲਾਸ਼ ਕਾਲੋਨੀ, ਦਿੱਲੀ ਵਿੱਚ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਨੇ ਬੀਤੀ ਸ਼ਾਮ ਗ੍ਰੇਟਰ ਕੈਲਾਸ਼ ਦਿੱਲੀ ਸਥਿਤ ਆਪਣੇ ਘਰ ‘ਚ ਆਖ਼ਰੀ ਸਾਹ ਲਿਆ।
ਗੀਤਾ ਦੇਵੀ ਦਾ ਅੰਤਿਮ ਸਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਲੋਧੀ ਸ਼ਮਸ਼ਾਨਘਾਟ, ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ। ਮਹਾਰਾਣੀ ਗੀਤਾ ਦੇਵੀ ਆਪਣੇ ਪਿੱਛੇ ਆਪਣੇ ਘਰਵਾਲੇ ਮਹਾਰਾਜਾ ਸੁਖਜੀਤ ਸਿੰਘ, ਪੁੱਤਰ ਟਿੱਕਾ ਸ਼ਤਰੂਜੀਤ ਸਿੰਘ ਅਤੇ ਦੋ ਬੇਟੀਆਂ ਐਮਕੇ ਗਾਇਤਰੀ ਦੇਵੀ ਐਮਕੇ ਪ੍ਰੀਤੀ ਦੇਵੀ ਛੱਡ ਗਈ ਹੈ।
ਮਹਾਰਾਣੀ ਗੀਤਾ ਦੇਵੀ ਦੇ ਪੁੱਤਰ ਅਤੇ ਕਪੂਰਥਲਾ (Kapurthala) ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਮਾਮੂਲੀ ਤਕਲੀਫ ਹੋਈ। ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ । ਪਰ ਮਹਾਰਾਣੀ ਗੀਤਾ ਦੇਵੀ ਘਰ ਹੀ ਰਹਿਣਾ ਚਾਹੁੰਦੀ ਸੀ। ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਘਰ ਲਿਆਂਦਾ ਗਿਆ, ਜਿਥੇ ਉਨ੍ਹਾਂ ਨੇ ਸ਼ਾਮ 7.15 ਵਜੇ ਆਖ਼ਰੀ ਸਾਹ ਲਿਆ।
ਮਹਾਰਾਣੀ ਗੀਤਾ ਦੇਵੀ ਦੇ ਦਿਹਾਂਤ ‘ਤੇ ਪਟਿਆਲਾ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ, ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਿਆਸਤ ਦੇ ਰਾਜਕੁਮਾਰ ਜਸਡਨ, ਗਵਾਲੀਅਰ ਰਿਆਸਤ, ਬੜੌਦਾ, ਜੈਪੁਰ, ਜੋਧਪੁਰ ਆਦਿ ਰਿਆਸਤਾਂ ਦੇ ਰਾਜੇ-ਮਹਾਰਾਜੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜਿਆਂ-ਮਹਾਰਾਜਿਆਂ ਦਾ ਕਹਿਣਾ ਹੈ ਕਿ ਮਹਾਰਾਣੀ ਗੀਤਾ ਦੇਵੀ ਉਨ੍ਹਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ।