ਫਰੀਦਕੋਟ, 26 ਅਗਸਤ 2023: ਫਰੀਦਕੋਟ ਦੀ ਅਦਾਲਤ ਨੇ ਆਈ.ਜੀ. ਦੇ ਨਾਂ ‘ਤੇ ਕਥਿਤ 20 ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇੰਸਪੈਕਟਰ ਖੇਮ ਚੰਦ ਪਰਾਸ਼ਰ (Khem Chand Prashar) ਦੇ ਪੁਲਿਸ ਰਿਮਾਂਡ ਵਿਚ 2 ਦਿਨ ਦਾ ਵਾਧਾ ਕੀਤਾ ਹੈ | ਇਸਤੋਂ ਪਹਿਲਾਂ ਅਦਾਲਤ ਨੇ ਖੇਮ ਚੰਦ ਪਰਾਸ਼ਰ ਨੂੰ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਸੀ | ਜਿਕਰਯੋਗ ਹੈ ਕਿ ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਇੰਸਪੈਕਟਰ ਖੇਮ ਚੰਦ ਪਰਾਸ਼ਰ (Khem Chand Prashar) ਨੂੰ ਫਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ |
ਵਿਜੀਲੈਂਸ ਬਿਊਰੋ ਮੁਤਾਬਕ 2019 ਵਿੱਚ ਹੋਏ ਮਹੰਤ ਦਿਆਲ ਦਾਸ ਦੇ ਕਤਲ ਕੇਸ ਇਕ ਵਿਅਕਤੀ, ਜਿਸ ਨੂੰ ਕਲੀਨ ਚਿੱਟ ਦਿੱਤੀ ਗਈ ਸੀ, ਉਸਨੂੰ ਮੁੜ-ਨਾਮਜ਼ਦ ਕਰਨ ਬਦਲੇ 20 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ 7 ਨਵੰਬਰ, 2019 ਨੂੰ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਮਹੰਤ ਦਿਆਲ ਦਾਸ ਦਾ ਕਤਲ ਕਰ ਦਿੱਤਾ ਸੀ |
ਇਸ ਤੋਂ ਬਾਅਦ ਸੰਤ ਬਾਬਾ ਹਰੀਦਾਸ ਜੀ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ‘ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਰਨੈਲ ਦਾਸ ਕਪੂਰੇਵਾਲਿਆਂ ਅਤੇ ਹੋਰਾਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਕਤਲ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਡੀਐਸਪੀ ਹੈੱਡਕੁਆਰਟਰ ਮੋਗਾ ਰਵਿੰਦਰ ਸਿੰਘ ਵੱਲੋਂ ਮੁਲਜ਼ਮ ਸੰਤ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਇਸ ਕੇਸ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀਪੀ ਫਰੀਦਕੋਟ ਰੇਂਜ ਪਰਦੀਪ ਕੁਮਾਰ ਯਾਦਵ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਆਈਜੀਪੀ ਨੇ ਐਸਪੀ (ਡੀ) ਫਰੀਦਕੋਟ ਗਗਨੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ, ਜਿਸ ਵਿੱਚ ਡੀਐਸਪੀ ਫਰੀਦਕੋਟ ਸੁਸ਼ੀਲ ਕੁਮਾਰ, ਡੀਐਸਪੀ ਬਾਘਾਪੁਰਾਣਾ ਜਸਜੋਤ ਸਿੰਘ ਅਤੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਮੈਂਬਰ ਵਜੋਂ ਸ਼ਾਮਲ ਸਨ।