Lal Chand Kataruchak

ਹਰੀਕੇ ਝੀਲ ‘ਤੇ ਸੈਲਾਨੀਆਂ ਲਈ ਬਣਾਇਆ ਜਾਵੇਗਾ ਸ਼ਾਨਦਾਰ ‘ਡਿਜ਼ੀਟਲ ਵਿਆਖਿਆ ਕੇਂਦਰ’: ਲਾਲ ਚੰਦ ਕਟਾਰੂਚੱਕ

ਤਰਨਤਾਰਨ, 16 ਫਰਵਰੀ 2023: ਹਰੀਕੇ ਝੀਲ ‘ਤੇ 01 ਕਰੋੜ ਰੁਪਏ ਦੀ ਲਾਗਤ ਨਾਲ ਸੈਲਾਨੀਆਂ ਲਈ ਸ਼ਾਨਦਾਰ “ਡਿਜ਼ੀਟਲ ਵਿਆਖਿਆ ਕੇਂਦਰ” ਬਣਾਇਆ ਜਾਵੇਗਾ, ਜਿੱਥੇ ਆਉਣ ਵਾਲੇ ਸੈਲਾਨੀਆਂ ਨੂੰ ਹਰੀਕੇ ਝੀਲ, ਇੱਥੇ ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਤੇ ਜੀਵ-ਜੰਤੂਆਂ, ਡਾਲਫਿਨ ਅਤੇ ਘੜਿਆਲ ਆਦਿ ਬਾਰੇ ਵਿਸਥਾਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਕੈਨਾਲ ਰੈਸਟ ਹਾਊਸ ਹਰੀਕੇ ਵਿਖੇ ਕਰਵਾਏ ਗਏ ਚੌਥੇ ਰਾਜ ਪੱਧਰੀ ਪੰਛੀਆਂ ਦਾ ਤਿਉਹਾਰ-ਬਰਡ ਫੈਸਟ-2023 ਮੌਕੇ ਸੰਬੋਧਨ ਕਰਦਿਆਂ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਧੀਕ ਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ, ਡਿਪਟੀ ਕਮਿਸ਼ਨਰ ਤਰਨ ਤਾਰਨ  ਰਿਸ਼ੀਪਾਲ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਪੰਛੀ ਦਿਵਸ ਨੂੰ ਸਮਰਪਿਤ ਇਸ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੰਗਲਾਂ ਅਤੇ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ।

ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਹਰੀਕੇ ਪੰਜਾਬ ਦਾ ਬਹੁਤ ਖੂਬਸੂਰਤ ਤੇ ਇਤਿਹਾਸਿਕ ਇਲਾਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵੀ ਉਭਾਰਿਆ ਜਾਵੇਗਾ।ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਛੀਆਂ, ਜੀਵ-ਜੰਤੂਆਂ ਅਤੇ ਰੁੱਖਾਂ ਤੇ ਜੰਗਲਾਂ ਦੀ ਦੇਖ-ਭਾਲ ਉਸੇ ਤਰ੍ਹਾਂ ਕਰਨ, ਜਿਸ ਤਰ੍ਹਾਂ ਉਹ ਆਪਣੇ ਧੀਆਂ-ਪੁੱਤਰਾਂ ਦੀ ਕਰਦੇ ਹਨ, ਕਿਉਂਕਿ ਇਹਨਾਂ ਸਭ ਦੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਹੈ ਅਤੇ ਸਾਡੇ ਸੱਭਿਆਚਾਰ ਤੇ ਵਿਰਾਸਤ ਦਾ ਪ੍ਰਮੁੱਖ ਹਿੱਸਾ ਹਨ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੀਵ-ਜੰਤੂਆਂ ਤੇ ਪੰਛੀਆਂ ਦੇ ਇਲਾਜ ਲਈ ਛੱਤਬੀੜ ਚਿੜੀਆਘਰ ਵਿਖੇ ਪੰਜਾਬ ਦੇ ਪਹਿਲੇ ਕਰੀਟੀਕਲ ਕੇਅਰ ਯੂਨਿਟ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਛੱਤਬੀੜ ਚਿੜੀਆਘਰ ਵਿਖੇ ਹੀ ਓਪਨ ਏਅਰ ਜੂ ਐਜ਼ੂਕੇਸ਼ਨ ਪਲਾਜਾ ਦੀ ਉਸਾਰੀ ਕੀਤੀ ਗਈ ਹੈ ਅਤੇ ਛੱਤਬੀੜ ਚਿੜੀਆਘਰ ਵਿਖੇ ਮੈਟਲ ਬੈਰੀਅਰ ਲਗਾਏ ਗਏ ਹਨ।ਉਹਨਾਂ ਕਿਹਾ ਕਿ ਪਟਿਆਲਾ ਵਿਖੇ ਲੈਪਰਡ ਇੰਨਕਲੋਜ਼ਰ ਅਤੇ ਘੜਿਆਲ ਇੰਨਕਲੋਜ਼ਰ ਦੀ ਉਸਾਰੀ ਕਰਨ ਦੇ ਨਾਲ-ਨਾਲ ਲੁਧਿਆਣਾ ਚਿੜੀਆ ਘਰ ਵਿਖੇ ਕੈਫੇਟੇਰੀਆ ਅਤੇ ਬਾਊਂਡਰੀ ਵਾਲ ਦੀ ਉਸਾਰੀ ਕੀਤੀ ਜਾ ਰਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਹਰੀਕੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਅਸੀਂ ਪ੍ਰਕਿਰਤੀ ਨਾ ਖਿਲਵਾੜ ਨਾ ਕਰੀਏ ਅਤੇ ਕੁਦਰਤ ਨੂੰ ਪਿਆਰ ਕਰੀਏ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਛੀਆਂ, ਜੀਵਾਂ-ਜੰਤੂਆਂ ਤੇ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਨਾਲ ਪਿਆਰ ਕਰੇਗੀ। ਉਹਨਾਂ ਹਲਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਜਿਸ ਨਾਲ ਜੀਵ-ਜੰਤੂਆਂ ਤੇ ਪ੍ਰਕਿਰਤੀ ਦਾ ਨੁਕਸਾਨ ਹੁੰਦਾ ਹੈ ਅਤੇ ਜਿਸ ਦਾ ਖਮਿਆਜਾ ਸਾਨੂੰ ਮਨੁੱਖਾਂ ਨੂੰ ਵੀ ਭੁਗਤਣਾ ਪੈਂਦਾ ਹੈ।

Scroll to Top