ਚੰਡੀਗੜ੍ਹ, 06 ਫਰਵਰੀ 2024: ਮੱਧ ਪ੍ਰਦੇਸ਼ (Madhya Pradesh) ਦੇ ਹਰਦਾ (Harda) ‘ਚ ਮਗਰਦਾ ਰੋਡ ‘ਤੇ ਬੈਰਾਗੜ੍ਹ ਰੇਹਟਾ ਨਾਮਕ ਸਥਾਨ ‘ਤੇ ਸਥਿਤ ਪਟਾਕਾ ਫੈਕਟਰੀ ‘ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਇਸ ਤੋਂ ਬਾਅਦ ਭਿਆਨਕ ਧਮਾਕੇ ਹੋਣੇ ਸ਼ੁਰੂ ਹੋ ਗਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਕੁਝ ਇਮਾਰਤਾਂ ਦੇ ਡਿੱਗਣ ਦੀਆਂ ਖਬਰਾਂ ਹਨ। ਅੱਗ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੱਤ ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। ਇਸਦੇ ਨਾਲ ਹੀ 60 ਤੋਂ ਵੱਧ ਜ਼ਖਮੀ ਹਨ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਰਦਾ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਮੰਤਰੀ ਉਦੈ ਪ੍ਰਤਾਪ ਸਿੰਘ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਹਰਦਾ ਰਵਾਨਾ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਸਰਕਾਰ ਚੁੱਕੇਗੀ। ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਚੁੱਕੇਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ (Harda) ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਧਮਾਕਿਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਰਹੇ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮਿਲੀ ਜਾਣਕਰੀ ਮੁਤਾਬਕ ਅੱਗ ਲੱਗਣ ਸਮੇਂ ਫੈਕਟਰੀ ਵਿੱਚ 30 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਅਤੇ ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹੋ ਸਕਦੀਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਪਟਾਕੇ ਬਣਾਉਣ ਵਾਲੀ ਫੈਕਟਰੀ ਰਾਜੂ ਅਗਰਵਾਲ ਦੀ ਹੈ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਆਸ-ਪਾਸ ਦੇ ਮਕਾਨ ਢਹਿ ਗਏ।
ਹਾਦਸੇ ਤੋਂ ਬਾਅਦ ਵਾਹਨ ਉੱਛਲ ਕੇ ਨਜ਼ਦੀਕੀ ਸੜਕ ‘ਤੇ ਜਾ ਡਿੱਗੇ। ਕੁਝ ਲਾਸ਼ਾਂ ਦੀ ਸੜਕ ‘ਤੇ ਪਈਆਂ ਮਿਲੀਆਂ ਹਨ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। NDRF ਅਤੇ SDRF ਦੀ ਮਦਦ ਲਈ ਜਾ ਰਹੀ ਹੈ। ਪਟਾਕਾ ਫੈਕਟਰੀ ਵਿੱਚ ਧਮਾਕੇ ਤੋਂ ਬਾਅਦ ਨੇੜਲੇ 60 ਤੋਂ ਵੱਧ ਘਰਾਂ ਨੂੰ ਅੱਗ ਲੱਗ ਗਈ। ਫੈਕਟਰੀ ਦੇ ਆਲੇ-ਦੁਆਲੇ ਸੜਕ ‘ਤੇ ਕੁਝ ਲਾਸ਼ਾਂ ਪਈਆਂ ਦੇਖੀਆਂ ਗਈਆਂ। ਪ੍ਰਸ਼ਾਸਨ ਨੇ 100 ਤੋਂ ਵੱਧ ਘਰਾਂ ਨੂੰ ਖਾਲੀ ਕਰਵਾ ਲਿਆ ਹੈ।