Indian Army

ਗੁਰਦਾਸਪੁਰ ਦੇ ਮਾਧਵ ਸ਼ਰਮਾ ਨੇ ਵਧਾਇਆ ਮਾਣ, ਭਾਰਤੀ ਫੌਜ ਦੀ ਆਰਟਿਲਰੀ ਰੈਜੀਮੈਂਟ ‘ਚ ਬਣਿਆ ਲੈਫਟੀਨੈਂਟ

ਚੰਡੀਗੜ੍ਹ, 08 ਮਾਰਚ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਮਾਧਵ ਸ਼ਰਮਾ ਨੂੰ ਅੱਜ ਚੇਨਈ ‘ਚ ਅਫਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ) ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫੌਜ (Indian Army) ਦੀ ਰੈਜੀਮੈਂਟ ਆਫ਼ ਆਰਟਿਲਰੀ ‘ਚ ਲੈਫਟੀਨੈਂਟ ਵਜੋਂ ਕਮਿਸ਼ਨ ਦਿੱਤਾ ਗਿਆ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼, ਲੈਫਟੀਨੈਂਟ ਜਨਰਲ ਜੌਹਨਸਨ ਪੀ. ਮੈਥਿਊ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਏ.ਵੀ.ਐਸ.ਐਮ., ਵੀ.ਐਸ.ਐਮ. ਦੁਆਰਾ ਕੀਤਾ ਗਿਆ।

ਇਸ ਸਬੰਧ ‘ਚ ਜਾਣਕਾਰੀ ਸਾਂਝੀ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਮਾਧਵ ਸ਼ਰਮਾ ਨੂੰ ਰਾਸ਼ਟਰੀ ਸੇਵਾ ‘ਚ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਮਨ ਅਰੋੜਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 8ਵੇਂ ਕੋਰਸ ਦੇ ਕੈਡੇਟ ਲੈਫਟੀਨੈਂਟ ਮਾਧਵ ਸ਼ਰਮਾ ਦੀ ਮਾਤਾ ਗੋਪੀ ਰੰਜਨ, ਸਰਕਾਰੀ ਹਾਈ ਸਕੂਲ ਜੋਗੀ ਚੀਮਾ ਦੀ ਮੁੱਖ ਅਧਿਆਪਕ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਸਵਰਗੀ ਹਤਿੰਦਰ ਸ਼ਰਮਾ ਹਨ। ਅਫਸਰ ਸਿਖਲਾਈ ਅਕੈਡਮੀ ‘ਚ ਸ਼ਾਮਲ ਹੋਣ ਤੋਂ ਪਹਿਲਾਂ, ਮਾਧਵ ਨੇ ਇੰਡੀਅਨ ਇੰਟੈਲੀਜੈਂਸ ਬਿਊਰੋ (IB), ਅੰਮ੍ਰਿਤਸਰ ‘ਚ ਸੁਰੱਖਿਆ ਸਹਾਇਕ ਵਜੋਂ ਸੇਵਾ ਨਿਭਾ ਚੁੱਕੇ ਹਨ।

ਮੰਤਰੀ ਨੇ ਕਿਹਾ ਕਿ ਮਾਧਵ ਸ਼ਰਮਾ ਦੇ ਕਮਿਸ਼ਨਿੰਗ ਨਾਲ, ਇਸ ਸੰਸਥਾ ਤੋਂ ਹਥਿਆਰਬੰਦ ਸੈਨਾਵਾਂ ‘ਚ ਕਮਿਸ਼ਨਡ ਅਫਸਰ ਬਣਨ ਵਾਲੇ ਕੈਡਿਟਾਂ ਦੀ ਕੁੱਲ ਗਿਣਤੀ 170 ਹੋ ਗਈ ਹੈ। ਇਸ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਦੱਸਿਆ ਕਿ ਇਸ ਮਹੀਨੇ ਦੇ ਆਖ਼ਿਰ ਤੱਕ ਸੰਸਥਾ ਦੇ ਦੋ ਕੈਡਿਟ ਓ.ਟੀ.ਏ. (OTA), ਗਯਾ ਵਿਖੇ ਐਸ.ਐਸ.ਸੀ. ਟੈੱਕ-64 ਕੋਰਸ ‘ਚ ਸ਼ਾਮਲ ਹੋਣਗੇ।

ਜਿਕਰਯੋਗ ਹੈ ਕਿ ਦਸੰਬਰ 2024 ‘ਚ ਅੰਡਰਗ੍ਰੈਜੁਏਟ ਸਿਖਲਾਈ ਅਕਾਦਮੀਆਂ ‘ਚ ਸ਼ਾਮਲ ਹੋਣ ਵਾਲੇ 14 ਕੈਡਿਟਾਂ ਤੋਂ ਬਾਅਦ ਸੰਸਥਾ ਦੇ 32 ਕੈਡਿਟਾਂ ਨੇ ਐਸ.ਐਸ.ਬੀ. (SSB) ਇੰਟਰਵਿਊ ਪਾਸ ਕਰ ਲਿਆ ਹੈ ਅਤੇ ਇਹ ਕੈਡਿਟ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਸਤੰਬਰ 2024 ‘ਚ ਐਨ.ਡੀ.ਏ. (NDA) ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਸੰਸਥਾ ਦੇ 34 ‘ਚੋਂ 26 ਕੈਡਿਟ ਨੇ ਐਸ.ਐਸ.ਬੀ. ਇੰਟਰਵਿਊ ਪਾਸ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

Read More: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ 43 ਕੈਡਿਟਾਂ ਨੂੰ ਅਚੀਵਰ ਐਵਾਰਡ ਨਾਲ ਕੀਤਾ ਸਨਮਾਨਿਤ

Scroll to Top