ਗੁਜਰਾਤ, 27 ਮਈ 2025: ਗੁਜਰਾਤ ਦੇ ਆਪਣੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਪਿਛਲੇ ਦੋ ਦਹਾਕਿਆਂ ‘ਚ ਗੁਜਰਾਤ ‘ਚ ਕੀਤੇ ਸੁਧਾਰਾਂ ਦੇ ਕੰਮਾਂ ਨਾਲ ਸਬੰਧਤ ਇੱਕ ਸਮਾਗਮ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿਖੇ 5,536 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ।
ਪ੍ਰੋਗਰਾਮ ਦੌਰਾਨ ਪੀਐਮ ਮੋਦੀ (PM Modi) ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਬ੍ਰਾਂਡ ‘ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਮੇਡ ਇਨ ਇੰਡੀਆ (Made in India) ‘ਤੇ ਮਾਣ ਹੋਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਆਪਣੀਆਂ ਜ਼ਿਆਦਾਤਰ ਜ਼ਰੂਰਤਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਰਹੇ ਹਾਂ। ਪਰ ਇਹ ਚੀਜ਼ਾਂ ਹੁਣ ਦੇਸ਼ ‘ਚ ਹੀ ਉਪਲਬੱਧ ਹਨ। ਸਾਨੂੰ ਲੋੜੀਂਦੀਆਂ ਅਤੇ ਚੰਗੀਆਂ ਚੀਜ਼ਾਂ ‘ਚੋਂ 90 ਫੀਸਦੀ ਤੋਂ ਵੱਧ ਦੇਸ਼ ‘ਚ ਹੀ ਉਪਲਬੱਧ ਹਨ। ਸਾਨੂੰ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਅਸੀਂ ਛੇਵੇਂ ਤੋਂ ਪੰਜਵੇਂ ਸਥਾਨ ‘ਤੇ ਜਾਣ ਦਾ ਜਸ਼ਨ ਮਨਾਇਆ ਸੀ।’ ਇਹ ਪਲ ਖਾਸ ਤੌਰ ‘ਤੇ ਮਹੱਤਵਪੂਰਨ ਸੀ, ਕਿਉਂਕਿ ਅਸੀਂ ਉਸੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਜਿਸਨੇ 250 ਸਾਲਾਂ ਤੱਕ ਸਾਡੇ ‘ਤੇ ਰਾਜ ਕੀਤਾ। ਹੁਣ, ਜਦੋਂ ਅਸੀਂ ਚੌਥੇ ਸਥਾਨ ‘ਤੇ ਪਹੁੰਚ ਗਏ ਹਾਂ, ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਦਬਾਅ ਵਧ ਰਿਹਾ ਹੈ।
ਇਸ ਤੋਂ ਵੀ ਵੱਧ ਦ੍ਰਿੜ ਇਰਾਦੇ ਦੀ ਲੋੜ ਹੈ। ਇਹ ਦੇਸ਼ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ। ਇਸ ਲਈ, ਸਾਡਾ ਸਪੱਸ਼ਟ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣਾ ਹੈ| ਪੀਐਮ ਮੋਦੀ ਨੇ ਕਿਹਾ ਕਿ 26 ਮਈ 2014 ਨੂੰ ਮੈਨੂੰ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦਾ ਮੌਕਾ ਮਿਲਿਆ। ਉਸ ਸਮੇਂ, ਭਾਰਤ ਦੀ ਆਰਥਿਕਤਾ ਦੁਨੀਆ ‘ਚ 11ਵੇਂ ਸਥਾਨ ‘ਤੇ ਸੀ। ਇਸ ਸਮੇਂ ਦੌਰਾਨ, ਅਸੀਂ ਕੋਰੋਨਾ ਵਿਰੁੱਧ ਲੜਾਈ ਲੜੀ ਅਤੇ ਆਪਣੇ ਗੁਆਂਢੀਆਂ ਤੋਂ ਵੀ ਮੁਸੀਬਤਾਂ ਦਾ ਸਾਹਮਣਾ ਕੀਤਾ। ਕੁਦਰਤੀ ਆਫ਼ਤ ਦਾ ਸਾਹਮਣਾ ਕਰਨ ਦੇ ਬਾਵਜੂਦ, ਅਸੀਂ ਇੰਨੇ ਘੱਟ ਸਮੇਂ ਵਿੱਚ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ‘ਚ ਕਾਮਯਾਬ ਰਹੇ।
Read More: PM ਮੋਦੀ ਦਾ ਵਡੋਦਰਾ ਵਿਖੇ ਰੋਡ ਸ਼ੋਅ, ਗਾਂਧੀਨਗਰ ‘ਚ ਕਈਂ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ