July 7, 2024 4:54 pm
ਦੇਸ਼ ਦੀ ਅਜ਼ਾਦੀ ਲਈ

ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲੇ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ

ਚੰਡੀਗੜ੍ਹ, 17 ਅਗਸਤ 2021: ਦੇਸ਼ ਲਈ ਸ਼ਹੀਦ ਹੋਣ ਵਾਲਿਆ ਨੂੰ ਹਰ ਕੋਈ ਯਾਦ ਰੱਖਦਾ ਹੈ | ਅਜਿਹੇ ਹੀ ਮਹਾਨ ਸ਼ਹੀਦ ਸਨ ਮਦਨ ਲਾਲ ਢੀਂਗਰਾ ਜਿੰਨਾ ਦਾ ਜਨਮ 18 ਸਤੰਬਰ 1883 ਨੂੰ ਅੰਮ੍ਰਿਤਸਰ ਵਿੱਚ ਹੋਇਆ | ਮਦਨ ਲਾਲ ਢੀਂਗਰਾ ਇੱਕ ਅਜਿਹੀ ਸੋਚ ਦੇ ਮਾਲਕ ਸੀ ਜਿਹੜੇ ਅਪਣੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾ ‘ਚੋਂ ਕੱਢਣਾ ਚਾਹੁੰਦੇ ਸੀ |

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜਦੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਤਾਂ ਉਸ ਦਾ ਅਸਰ ਮਦਨ ਲਾਲ ਢੀਂਗਰਾ ਦੇ ਮਨ ‘ਤੇ ਬਹੁਤ ਹੋਇਆ। ਉਹ ਸਭ ਵੇਖ ਕੇ ਉਹਨਾ ਦੇ ਮਨ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਗਈ | ਮਦਨ ਲਾਲ ਢੀਂਗਰਾ ਯੂਨੀਵਰਸਿਟੀ ਵਿੱਚ ਹੀ ਹੋਰ ਕ੍ਰਾਂਤੀਕਾਰੀ ਭਾਰਤੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਉਹ ਇੰਡੀਆ ਹਾਊਸ ਨਾਲ ਜੁੜ ਗਿਆ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ।

ਲਾਰਡ ਕਰਜ਼ਨ ਵਾਇਲੀ ਨੂੰ ਮਾਰਨ ਦੇ ਦੋਸ਼ ਵਿਚ , ਅੰਗਰੇਜ਼ੀ ਸਾਮਰਾਜ ਵਿਰੁਧ ਹਥਿਆਰਬੰਦ ਸੰਘਰਸ਼ ਵਿੱਢਣ ਦੇ ਪੈਂਤੜੇ ਕਰਕੇ , ਪੰਜਾਬ ਦੇ ਜਾਏ ਮਦਨ ਲਾਲ ਢੀਂਗਰਾ ਨੂੰ ਇੰਗਲੈਂਡ ਵਿਚ 17 ਅਗਸਤ 1909 ਨੂੰ ਫਾਂਸੀ ਲਾਈ ਗਈ। ਉਹ ਪਹਿਲਾ ਪੰਜਾਬੀ ਸੀ,ਜਿਸ ਨੂੰ ਦੇਸ਼ ਤੋਂ ਬਾਹਰ ਇੰਝ ਫਾਂਸੀ ਲੱਗੀ।ਆਇਰਲੈਂਡ ਦੀਆਂ ਅਖ਼ਬਾਰਾਂ ਨੇ ਉਸਦੀ ਉਸਤਤੀ ਕੀਤੀ। 1976 ਵਿਚ ਇਸਦੀਆਂ ਅਸਥੀਆਂ ਇੰਗਲੈਂਡ ਤੋਂ ਲਿਆ ਕੇ ਅੰਮ੍ਰਿਤਸਰ ਮਾਲ ਮੰਡੀ ਕੋਲ ਸਸਕਾਰ ਕੀਤਾ ਗਿਆ । ਦੱਸਣਯੋਗ ਹੈ ਕਿ ਮਦਨ ਲਾਲ ਢੀਂਗਰਾ  ਤੋਂ ਪਹਿਲਾਂ ਦਰਜ ਹੋਏ ਬਾਕੀ ਸ਼ਹੀਦ ਆਪਣੇ ਮਸਲਿਆਂ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜੇ ਸਨ, ਪਰੰਤੂ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਸੀ ਜਿਸ ਨੇ ਆਪਣੇ ਮਸਲਿਆਂ ਲਈ ਨਹੀਂ ਸਗੋਂ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ।