ਚੰਡੀਗੜ੍ਹ 01 ਸਤੰਬਰ 2022: ਲੰਪੀ ਸਕਿਨ ਦੀ ਬਿਮਾਰੀ (Lumpy skin disease) ਦੇਸ਼ ਲਈ ਇੱਕ ਨਵੀਂ ਆਫ਼ਤ ਬਣ ਕੇ ਉੱਭਰੀ ਹੈ। ਆਲਮ ਇਹ ਹੈ ਕਿ ਲੰਪੀ ਸਕਿਨ ਬਿਮਾਰੀ ਨੇ ਮਹਾਂਮਾਰੀ ਦੇ ਰੂਪ ‘ਚ ਕੋਰੋਨਾ ਤੋਂ ਬਾਅਦ ਹੁਣ ਪੂਰੇ ਦੇਸ਼ ‘ਚ ਆਪਣੇ ਪੈਰ ਪਸਾਰ ਲਏ ਹਨ । ਇਸ ਦੇ ਨਤੀਜੇ ਵਜੋਂ ਇਸ ਸਮੇਂ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਹੁਣ ਤੱਕ ਇਨ੍ਹਾਂ ਰਾਜਾਂ ਦੇ 11 ਲੱਖ ਤੋਂ ਵੱਧ ਪਸ਼ੂ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਹ ਜਾਣਕਾਰੀ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਕੁਮਾਰ ਬਾਲਿਆਨ ਵਲੋਂ ਦਿੱਤੀ ਗਈ ਹੈ । ਉਨ੍ਹਾਂ ਵੱਲੋਂ ਦਿੱਤੇ ਗਏ ਅੰਕੜੇ 31 ਅਗਸਤ ਤੱਕ ਦੇ ਹਨ।
ਰਾਜਸਥਾਨ ਅਤੇ ਗੁਜਰਾਤ ਦੀ ਸਰਹੱਦ ਨਾਲ ਲੱਗਦੇ ਕਈ ਸੂਬਿਆਂ ‘ਚ ਲੰਪੀ ਸਕਿਨ ਦੀ ਬਿਮਾਰੀ (Lumpy skin disease) ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁਝ ਮਹੀਨਿਆਂ ‘ਚ ਹੀ ਲੰਪੀ ਸਕਿਨ ਦੀ ਬਿਮਾਰੀ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਪਹੁੰਚ ਗਈ ਹੈ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਕੁਮਾਰ ਬਾਲਿਆਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਦੇਸ਼ ਦੇ 12 ਸੂਬਿਆਂ ਵਿੱਚ ਪੈਂਦੇ 165 ਜ਼ਿਲ੍ਹਿਆਂ ਵਿੱਚ ਲੰਪੀ ਸਕਿਨ ਦੀ ਬਿਮਾਰੀ ਦੇ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 31 ਅਗਸਤ ਤੱਕ ਇਸ ਵਾਇਰਸ ਕਾਰਨ 49,682 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।