Ludhiana West by Poll

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਵੋਟਰ ਸੂਚੀ ਤੋਂ ਅਸੰਤੁਸ਼ਟ ਵਿਅਕਤੀਆਂ ਕੋਲ ਅਪੀਲ ਦਾਇਰ ਕਰਨ ਲਈ 15 ਦਿਨ ਦਾ ਸਮਾਂ

ਚੰਡੀਗੜ੍ਹ/ਲੁਧਿਆਣਾ, 7 ਮਈ 2025: Ludhiana West by Poll: ਲੁਧਿਆਣਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (ਡੀਸੀ-ਕਮ-ਡੀਈਓ) ਹਿਮਾਂਸ਼ੂ ਜੈਨ ਨੇ ਦੱਸਿਆ ਹੈ ਕਿ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀਆਂ ਈਆਰਓ ਵੱਲੋਂ 5 ਮਈ 2025 ਨੂੰ ਪ੍ਰਕਾਸ਼ਿਤ ਕੀਤੀਆਂ ਸਨ।

ਭਾਰਤ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਦੇ ਮੁਤਾਬਕ ਵੋਟਰ ਸੂਚੀਆਂ ਦਾ ਡਰਾਫਟ 9 ਅਪ੍ਰੈਲ, 2025 ਨੂੰ ਪ੍ਰਕਾਸ਼ਿਤ ਕੀਤਾ ਸੀ, ਜਿਸ ‘ਚ ਜਨਤਾ ਤੋਂ ਦਾਅਵਿਆਂ ਅਤੇ ਇਤਰਾਜ਼ ਮੰਗੇ ਗਏ ਸਨ | ਇਸਦੇ ਨਾਲ ਹੀ 192 ਬੂਥ ਲੈਵਲ ਅਫਸਰਾਂ (ਬੀਐਲਓ) ਵੱਲੋਂ ਘਰ-ਘਰ ਜਾ ਕੇ ਤਸਦੀਕ ਕੀਤੀ ਸੀ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਪ੍ਰਾਪਤ ਹੋਏ ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਈਆਰਓ ਦੁਆਰਾ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਹੀ ਢੰਗ ਨਾਲ ਨਿਪਟਾਰਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਅੰਤਿਮ ਵੋਟਰ ਸੂਚੀਆਂ ਦੀਆਂ ਕਾਪੀਆਂ ਵੀ ਪ੍ਰਦਾਨ ਕੀਤੀਆਂ ਹਨ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਰਾਜਨੀਤਿਕ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ, ਡਰਾਫਟ ਵੋਟਰ ਸੂਚੀਆਂ ਦੀ ਤਸਦੀਕ ਕਰਨ ਅਤੇ ਇਸ ਸੰਬੰਧੀ ਕੋਈ ਵੀ ਸੁਝਾਅ ਦੇਣ ‘ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਸਹਾਇਤਾ ਲਈ 384 ਬੂਥ ਲੈਵਲ ਏਜੰਟ (ਬੀ.ਐਲ.ਏ.) ਨਿਯੁਕਤ ਕੀਤੇ ਸਨ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਦੇ ਫੈਸਲੇ ਤੋਂ ਅਸੰਤੁਸ਼ਟ ਵਿਅਕਤੀ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 24 (ਏ) ਅਨੁਸਾਰ ਈ.ਆਰ.ਓ. ਦੇ ਫੈਸਲੇ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਅਪੀਲ ਦਾਇਰ ਕਰ ਸਕਦੇ ਹਨ ਅਤੇ ਜੇਕਰ ਉਹ ਅਗਲੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ, ਤਾਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਕੋਲ ਇੱਕ ਹੋਰ ਅਪੀਲ ਦਾਇਰ ਕਰ ਸਕਦੇ ਹਨ।

Read More: ERO ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਵੋਟਰਾਂ ਲਈ ਉਪਬੰਧ ਤਹਿਤ ਪੰਜਾਬ ‘ਚ ਕੋਈ ਅਪੀਲ ਨਹੀਂ ਹੋਈ ਦਾਇਰ

Scroll to Top