ਚੰਡੀਗੜ੍ਹ, 18 ਜਨਵਰੀ 2024: ਲੁਧਿਆਣਾ ‘ਚ 4 ਸਾਲ ਦੀ ਬੱਚੀ ਨਾਲ ਬਲਾਤਕਾਰ (Rape) ਅਤੇ ਕਤਲ ਦੇ ਮਾਮਲੇ ‘ਚ ਨੇਪਾਲ ਬਾਰਡਰ ਤੋਂ ਫੜੇ ਜਾਣ ਤੋਂ ਬਾਅਦ ਸੋਨੂੰ ਨੇ ਪੁਲਿਸ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ। ਉਹ ਸ਼ਰਾਬ ਪੀ ਕੇ ਬੱਚੀ ਨੂੰ ਨਾਲ ਲੈ ਗਿਆ। ਜਦੋਂ ਉਸ ਨੇ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਣ ਲੱਗੀ। ਇਸ ਲਈ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ ਗਿਆ।
ਵਾਰਦਾਤ (Rape) ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਬੈੱਡ ਬਾਕਸ ‘ਚ ਲੁਕਾ ਦਿੱਤਾ ਅਤੇ ਫਰਾਰ ਹੋ ਗਿਆ। ਲੁਧਿਆਣਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ।
ਸੰਯੁਕਤ ਪੁਲਿਸ ਕਮਿਸ਼ਨਰ ਅਨੁਸਾਰ ਸੋਨੂੰ ਦਸੰਬਰ 2023 ਵਿੱਚ ਆਪਣੇ ਭਰਾ ਅਸ਼ੋਕ ਨਾਲ ਰਹਿਣ ਆਇਆ ਸੀ। ਪੁਲਿਸ ਮੁਤਾਬਕ ਸੋਨੂੰ ਦਾ ਭਰਾ ਇਲਾਕੇ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। 28 ਦਸੰਬਰ ਨੂੰ ਸੋਨੂੰ ਬੱਚੀ ਨੂੰ ਉਸ ਦੀ ਦਾਦੀ ਦੀ ਚਾਹ ਦੀ ਦੁਕਾਨ ਤੋਂ ਕੁਝ ਲੈਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸ ਤੋਂ ਬਾਅਦ ਜਦੋਂ ਦੁਪਹਿਰ ਤੱਕ ਬੱਚੀ ਘਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਥੇ ਰਹਿਣ ਵਾਲਾ ਸੋਨੂੰ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਜਾਂਦਾ ਨਜ਼ਰ ਆਇਆ। ਜਦੋਂ ਪੁਲਿਸ ਅਤੇ ਪਰਿਵਾਰ ਵਾਲੇ ਸੋਨੂੰ ਦੇ ਕਮਰੇ ‘ਚ ਪਹੁੰਚੇ ਤਾਂ ਬੱਚੀ ਦੀ ਲਾਸ਼ ਬੈੱਡ ਬਾਕਸ ‘ਚ ਪਈ ਮਿਲੀ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਲੜਕੀ ਦਾ 30 ਤੋਂ 40 ਸੈਕਿੰਡ ਤੱਕ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਡਾਬਾ ਥਾਣਾ ਪੁਲਿਸ ਨੇ ਸੋਨੂੰ ਦੇ ਖਿਲਾਫ ਆਈਪੀਸੀ ਦੀ ਧਾਰਾ 302, 376ਏ, 376-ਏਬੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਸੋਨੂੰ ਦੀ ਭਾਲ ਕਰ ਰਹੀ ਸੀ।
ਸੰਯੁਕਤ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਬੈੱਡ ਬਾਕਸ ਵਿੱਚ ਲੁਕੋ ਕੇ ਸੋਨੂੰ ਸਿੱਧਾ ਲੁਧਿਆਣਾ ਰੇਲਵੇ ਸਟੇਸ਼ਨ ਚਲਾ ਗਿਆ। ਉਸ ਕੋਲ ਕਿਰਾਏ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣਾ ਮੋਬਾਈਲ 250 ਰੁਪਏ ਵਿੱਚ ਵੇਚ ਦਿੱਤਾ। ਉਥੋਂ ਉਸ ਨੇ ਅੰਬਾਲਾ ਜਾਣ ਵਾਲੀ ਟਰੇਨ ਫੜੀ। ਉਹ ਕਈ ਦਿਨ ਅੰਬਾਲਾ ਵਿਚ ਰਿਹਾ। ਇਸ ਤੋਂ ਬਾਅਦ ਉਹ ਹਰਿਦੁਆਰ ਅਤੇ ਉਥੋਂ ਦਿੱਲੀ ਚਲਾ ਗਿਆ । ਉਸ ਨੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਪੁਲਿਸ ਟੀਮ ਨੇ ਉਸਦਾ ਪਿੱਛਾ ਕੀਤਾ ਅਤੇ ਨੇਪਾਲ ਬਾਰਡਰ ਤੋਂ ਉਸਨੂੰ ਫੜ ਲਿਆ।
ਪੁਲਿਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਪੰਜਾਬ ਦੇ ਕਈ ਬੈਂਕਾਂ ਵਿੱਚ ਵੀ ਕੰਮ ਕਰ ਚੁੱਕਾ ਹੈ। ਮੁਲਜ਼ਮ ਨੂੰ ਬਾਇਓਮੈਟ੍ਰਿਕ ਹਾਜ਼ਰੀ ਅਤੇ ਆਧਾਰ ਕਾਰਡ ਆਦਿ ਬਣਾਉਣ ਦੀ ਵੀ ਪੂਰੀ ਜਾਣਕਾਰੀ ਹੈ। ਇਸ ਕਾਰਨ ਉਸ ਨੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ। ਉਹ 2 ਦਿਨ ਹਰਿਦੁਆਰ ‘ਚ ਰਿਹਾ ਅਤੇ ਫਿਰ 3 ਦਿਨ ਰਿਸ਼ੀਕੇਸ਼ ‘ਚ ਕਿਸੇ ਬਾਬੇ ਦੇ ਡੇਰੇ ‘ਚ ਲੁਕ ਗਿਆ।
ਸੰਯੁਕਤ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਗਿਆ ਹੈ। ਸਮਾਜਿਕ ਸੰਸਥਾ ਅਤੇ ਪੁਲਿਸ ਮਿਲ ਕੇ ਉਸ ਵਿਅਕਤੀ ਨੂੰ ਇਨਾਮ ਦੇਣਗੇ। ਇਸ ਮਾਮਲੇ ਨੂੰ ਫਾਸਟ ਟਰੈਕ ‘ਤੇ ਲਿਆਂਦਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਈ ਜਾਵੇਗੀ।