ਚੰਡੀਗੜ੍ਹ, 23 ਅਗਸਤ 2024: ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਪੁਰਾਣੇ ਕੂੜੇ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਢੁਕਵੇਂ ਕਦਮ ਨਾ ਚੁੱਕਣ ਅਤੇ ਅਣਟਰੀਟਿਡ ਸੀਵਰੇਜ ਦੇ ਨਿਕਾਸੀ ਲਈ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ | ਜੁਰਮਾਨਾ ਲੱਗਣ ਤੋਂ ਬਾਅਦ ਲੁਧਿਆਣਾ ਨਗਰ ਨਿਗਮ (Ludhiana Municipal Corporation) ਵੀ ਹਰਕਤ ‘ਚ ਆ ਗਿਆ ਹੈ। ਨਿਗਮ ਪ੍ਰਸ਼ਾਸਨ ਨੇ ਹੁਣ 1 ਹਫਤੇ ‘ਚ 2 ਟੈਂਡਰ ਜਾਰੀ ਕੀਤੇ ਹਨ ਅਤੇ ਕੂੜੇ ਨੂੰ ਹਟਾਉਣ ਲਈ ਤੀਜੇ ਟੈਂਡਰ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮ (Ludhiana Municipal Corporation) ਨੇ 22.44 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਲਈ ਦੋ ਟੈਂਡਰ ਜਾਰੀ ਕੀਤੇ ਹਨ। ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਅਧਿਕਾਰੀਆਂ ਨਾਲ ਤਾਜਪੁਰ ਸਥਿਤ ਕੂੜਾ ਡੰਪ ਦਾ ਮੁਆਇਨਾ ਵੀ ਕੀਤਾ। ਜੈਨਪੁਰ ਸਥਿਤ ਬੰਦ ਪਏ ਕੂੜਾ ਡੰਪ ਲਈ ਨਿਗਮ ਨੇ ਟੈਂਡਰ ਜਾਰੀ ਕੀਤਾ ਸੀ। ਕਰੀਬ 2.82 ਲੱਖ ਟਨ ਪੁਰਾਣੇ ਕੂੜੇ ਦੇ ਨਿਪਟਾਰੇ ਲਈ 11 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਨਿਗਮ ਨੇ ਤਾਜਪੁਰ ਰੋਡ ’ਤੇ ਸਥਿਤ ਮੁੱਖ ਕੂੜਾ ਡੰਪ ਤੋਂ 19.62 ਲੱਖ ਟਨ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਹੈ। ਨਿਗਮ ਵੱਲੋਂ ਸਵੱਛ ਭਾਰਤ ਮਿਸ਼ਨ ਲਈ 100 ਕਰੋੜ ਰੁਪਏ ਖਰਚ ਕੀਤੇ ਜਾਣਗੇ।