ਚੰਡੀਗੜ੍ਹ, 15 ਸਤੰਬਰ 2023: ਲੁਧਿਆਣਾ (Ludhiana) ਦੇ ਹੈਬੋਵਾਲ ਦੇ ਰਹਿਣ ਵਾਲੇ ਇੱਕ ਕੱਪੜਾ ਕਾਰੋਬਾਰੀ ਨੇ ਫਾਇਨਾਂਸਰਾਂ ਤੋਂ ਦੁਖੀ ਹੋ ਕੇ ਆਪਣੀ ਘਰਵਾਲੀ ਸਮੇਤ ਸਰਹਿੰਦ ਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਇਸ ਦੌਰਾਨ ਕਾਰੋਬਾਰੀ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ, ਜਿਸ ਕਾਰਨ ਉਸਦਾ ਬਚਾਅ ਹੋ ਗਿਆ | ਪਰ ਉਸਦੀ ਘਰਵਾਲੀ ਪਾਣੀ ‘ਚ ਰੁੜ੍ਹ ਗਈ | ਇਸਦਾ ਨਾਲ ਹੀ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਲੁਧਿਆਣਾ ਦੇ ਮਸ਼ਹੂਰ ਫਾਈਨਾਂਸਰਾਂ ਦੇ ਨਾਂ ਲਿਖੇ ਹੋਏ ਹਨ।
ਹਸਪਤਾਲ ਵਿੱਚ ਜ਼ੇਰੇ ਇਲਾਜ ਆਨੰਦ ਸ਼ਰਮਾ ਨੇ ਦੱਸਿਆ ਕਿ ਉਸ ਦੀ ਕੱਪੜੇ ਦੀ ਫੈਕਟਰੀ ਹੈ। ਕਰਜ਼ੇ ਕਾਰਨ ਕਾਰੋਬਾਰ ਠੱਪ ਹੋ ਗਿਆ। ਉਸ ਨੇ ਲੁਧਿਆਣਾ ਦੇ ਦੋ ਫਾਈਨਾਂਸਰਾਂ ਤੋਂ 4 ਫੀਸਦੀ ਵਿਆਜ ‘ਤੇ 40 ਲੱਖ ਰੁਪਏ ਲਏ ਸਨ। ਜਿਸ ਲਈ ਹੁਣ ਤੱਕ ਸਿਰਫ 80 ਲੱਖ ਰੁਪਏ ਦਾ ਵਿਆਜ ਅਦਾ ਕੀਤਾ ਗਿਆ ਹੈ। ਉਸ ਨੇ 3 ਸਾਲ ਪਹਿਲਾਂ ਇਕ ਹੋਰ ਫਾਈਨਾਂਸਰ ਤੋਂ 6 ਫੀਸਦੀ ਵਿਆਜ ‘ਤੇ 42 ਲੱਖ ਰੁਪਏ ਲਏ ਸਨ। ਜਿਸ ਲਈ ਕਰੀਬ 90 ਲੱਖ ਰੁਪਏ ਦਾ ਵਿਆਜ ਦੇ ਚੁੱਕਾ ਹੈ। ਪਿਛਲੇ 4 ਮਹੀਨਿਆਂ ਤੋਂ ਉਸ ਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਹ ਵਿਆਜ ਦਾ ਭੁਗਤਾਨ ਨਹੀਂ ਕਰ ਸਕਿਆ ਅਤੇ ਫਾਈਨਾਂਸਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਕਤ ਪ੍ਰਾਪਰਟੀ ਡੀਲਰਾਂ ਤੇ ਫਾਇਨਾਂਸਰਾ ਨੇ ਅਨੰਦ ਸ਼ਰਮਾ ਤੋਂ ਕਈ ਪਲਾਟਾਂ, ਦੁਕਾਨਾਂ ਤੇ ਕੋਠੀ ਦੇ ਕਾਗਜਾਂ ਉੱਤੇ ਧੱਕੇ ਨਾਲ ਦਸਤਖ਼ਤ ਕਰਵਾ ਲਏ ਸਨ ਤੇ ਹੁਣ ਉਹ ਉਸ ਨੂੰ ਲਗਾਤਾਰ ਜਲੀਲ ਕਰ ਰਹੇ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ।
ਇਸ ਮੌਕੇ ਥਾਣਾ ਸਰਹਿੰਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਨਰਪਿੰਦਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਮਿਲਿਆ ਹੈ। ਨਹਿਰ ਵਿੱਚ ਤੈਰ ਰਹੀ ਕਿਰਨ ਸ਼ਰਮਾ ਦੀ ਗੋਤਾਖੋਰਾਂ ਦੀ ਮੱਦਦ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਆਨੰਦ ਸ਼ਰਮਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।