July 4, 2024 9:21 pm
bakery

ਲੁਧਿਆਣਾ: ਬੇਕਰੀ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

ਚੰਡੀਗੜ੍ਹ, 26 ਫਰਵਰੀ 2024: ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ‘ਚ ਬੇਕਰੀ (bakery) ਦੇ ਗੋਦਾਮ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗੋਦਾਮ ਵਿੱਚ ਪਏ ਤੇਲ ਦੇ ਟੀਨਾਂ ਕਾਰਨ ਅੱਗ ਫੈਲ ਗਈ । ਅੱਗ ਲੱਗਣ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਈ ਕਿਲੋਮੀਟਰ ਦੂਰ ਤੋਂ ਵੀ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਸਨ।

ਜਾਣਕਾਰੀ ਦਿੰਦਿਆਂ ਬੇਕਰੀ ਮਾਲਕ ਦਿਲਸ਼ਾਦ ਅੰਸਾਰੀ ਨੇ ਦੱਸਿਆ ਕਿ ਉਸ ਦੀ ਗੋਦਾਮ (bakery) ਦੇ ਬਾਹਰ ਦੁਕਾਨ ਹੈ। ਮਜ਼ਦੂਰ ਗੋਦਾਮ ਵਿੱਚ ਖਾਣਾ ਬਣਾ ਰਹੇ ਸਨ। ਅਚਾਨਕ ਧਮਾਕੇ ਦੀ ਆਵਾਜ਼ ਆਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਥਾਂ ‘ਤੇ ਬੇਕਰੀ ਚੱਲ ਰਹੀ ਸੀ, ਉੱਥੇ ਕੋਈ ਕਾਰੀਗਰ ਮੌਜੂਦ ਨਹੀਂ ਸੀ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।

ਘਟਨਾ ਵਾਲੀ ਥਾਂ ‘ਤੇ ਫਾਇਰ ਬ੍ਰਿਗੇਡ ਨੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ | ਫਾਇਰ ਕਰਮੀਆਂ ਨੇ ਬੇਕਰੀ ਦੇ ਅੰਦਰੋਂ 3 ਦੇ ਕਰੀਬ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇੱਕ ਸਾਈਕਲ ਸੜ ਕੇ ਸੁਆਹ ਹੋ ਗਿਆ। ਤੇਲ ਜ਼ਿਆਦਾ ਹੋਣ ਕਾਰਨ ਅੱਗ ਫੈਲ ਗਈ ਸੀ।