ਚੰਡੀਗੜ੍ਹ, 11 ਫਰਵਰੀ 2023: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਬਿਜਲੀ ਵੰਡ ਕੰਪਨੀਆਂ ਦੇ ਬੋਰਡ ਤੋਂ ਆਮ ਆਦਮੀ ਪਾਰਟੀ ਦੇ ਦੋ ਸਮਰਥਕ ਨੂੰ ਹਟਾ ਦਿੱਤਾ ਹੈ। ਇਸ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia)ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉੱਪ ਰਾਜਪਾਲ ਨਾ ਤਾਂ ਸੰਵਿਧਾਨ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉੱਪ ਰਾਜਪਾਲ ਸੁਪਰੀਮ ਕੋਰਟ ਦਾ ਅਪਮਾਨ ਕਰ ਰਹੇ ਹਨ। ਅੱਜ ਉੱਪ ਰਾਜਪਾਲ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕੈਬਨਿਟ ਵੱਲੋਂ ਪਾਸ ਕੀਤੇ 4 ਸਾਲ ਪੁਰਾਣੇ ਮਤੇ ਨੂੰ ਪਲਟ ਦਿੱਤਾ ਹੈ।
ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ ਕਿ 4 ਸਾਲ ਪਹਿਲਾਂ ਮੁੱਖ ਮੰਤਰੀ ਦੀ ਅਗਵਾਈ ‘ਚ ਦਿੱਲੀ ਕੈਬਨਿਟ ਨੇ ਬਿਜਲੀ ਕੰਪਨੀਆਂ ‘ਚ ਚਾਰ ਪੇਸ਼ੇਵਰ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਸੀ। ਹੁਣ ਉੱਪ ਰਾਜਪਾਲ ਇਸ ਫੈਸਲੇ ਨੂੰ ਉਲਟਾ ਰਹੇ ਹਨ। ਦਿੱਲੀ ਸਰਕਾਰ ਵੱਲੋਂ ਬਿਜਲੀ ਸਬੰਧੀ ਲਏ ਫੈਸਲੇ ਨੂੰ ਉਲਟਾਉਣ ਦਾ ਐਲਜੀ ਸਾਹਿਬ ਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਨੂੰ ਸਿਰਫ ਡਿਫਰੇਂਸ ਆਫ ਆਪਨੀਅਨ ਦਾ ਅਧਿਕਾਰ ਹੈ। ਦਿੱਲੀ ਦੀ ਚੁਣੀ ਹੋਈ ਸਰਕਾਰ ਵੱਲੋਂ 4 ਸਾਲ ਪਹਿਲਾਂ ਲਏ ਫੈਸਲੇ ਨੂੰ ਉਲਟਾਉਣ ਲਈ ਨਵੀਂ ਨੀਤੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਵਾਰ ਐਲਜੀ ਚੁਣੀ ਹੋਈ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਰਹੇ ਹਨ। ਅਧਿਕਾਰੀਆਂ ਤੋਂ ਫਾਈਲ ਮੰਗਵਾ ਕੇ ਐਲ.ਜੀ. ਮੰਤਰੀ ਅਤੇ ਮੁੱਖ ਮੰਤਰੀ ਨਾਲ ਕਿਸੇ ਵੀ ਮੁੱਦੇ ‘ਤੇ ਚਰਚਾ ਕੀਤੇ ਬਿਨਾਂ ਹੀ ਐੱਲ.ਜੀ ਅਧਿਕਾਰੀਆਂ ਨੂੰ ਡਰਾ ਧਮਕਾ ਕੇ ਕਾਰਵਾਈ ਕਰ ਰਹੇ ਹਨ। ਦਿੱਲੀ ਵਿੱਚ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਕੋਈ ਘੁਟਾਲਾ ਨਹੀਂ ਹੈ, LG ਸਿਰਫ ਹਵਾ ਵਿਚ ਦੋਸ਼ ਲਗਾ ਰਹੇ ਹਨ | ਜੇਕਰ ਕੋਈ ਘਪਲਾ ਹੋਇਆ ਹੈ ਤਾਂ ਈਡੀ ਅਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। LG ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ |