ਚੰਡੀਗੜ੍ਹ, 19 ਅਪ੍ਰੈਲ 2025: LSG ਬਨਾਮ RR: ਅੱਜ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਡਬਲ ਹੈਡਰ ਦੇ ਦੂਜੇ ਮੁਕਾਬਲੇ ‘ਚ ਰਾਜਸਥਾਨ ਰਾਇਲਜ਼ ਸਾਹਮਣੇ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ ਹੈ | ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਰਾਜਸਥਾਨ ਰਾਇਲਜ਼ (RR) ਨੇ ਹੁਣ ਤੱਕ 7 ਮੈਚ ਖੇਡਣ ਤੋਂ ਬਾਅਦ ਸਿਰਫ਼ 2 ਮੈਚ ਜਿੱਤੇ ਹਨ, ਉੱਥੇ ਲਖਨਊ ਸੁਪਰ ਜਾਇੰਟਸ (LSG) ਨੇ ‘ਚ 4 ਮੈਚ ਜਿੱਤੇ ਹਨ। ਹਾਲਾਂਕਿ, ਰਾਜਸਥਾਨ ਰਾਇਲਜ਼ ਨੇ ਆਹਮੋ-ਸਾਹਮਣੇ ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ।
ਆਈਪੀਐਲ ਵਿੱਚ ਰਾਜਸਥਾਨ ਅਤੇ ਲਖਨਊ ਵਿਚਕਾਰ ਹੁਣ ਤੱਕ ਸਿਰਫ਼ 5 ਮੈਚ ਖੇਡੇ ਗਏ ਹਨ। ਰਾਜਸਥਾਨ ਨੇ 4 ਜਿੱਤੇ ਅਤੇ ਲਖਨਊ ਨੇ ਸਿਰਫ਼ 1 ਜਿੱਤਿਆ। ਹੁਣ ਤੱਕ ਰਾਜਸਥਾਨ ਦੇ ਘਰੇਲੂ ਮੈਦਾਨ, ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਕਾਰ 2 ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ ‘ਚ ਦੋਵੇਂ ਟੀਮਾਂ 1-1 ਮੈਚ ਜਿੱਤੀਆਂ ਹਨ।
ਲਖਨਊ ਸੁਪਰ ਜਾਇੰਟਸ (LSG) ਦੇ ਬੱਲੇਬਾਜ਼ ਨਿਕੋਲਸ ਪੂਰਨ ਇਸ ਸਮੇਂ ਔਰੇਂਜ ਕੈਪ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਪੂਰਨ ਸੀਜ਼ਨ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਪੂਰਨ ਨੇ 7 ਮੈਚਾਂ ‘ਚ 357 ਦੌੜਾਂ ਬਣਾਈਆਂ ਹਨ।
ਰਾਜਸਥਾਨ ਰਾਇਲਜ਼ ਦੇ ਯਸ਼ਸਵੀ ਜੈਸਵਾਲ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਜੈਸਵਾਲ ਨੇ 7 ਮੈਚਾਂ ‘ਚ 233 ਦੌੜਾਂ ਬਣਾਈਆਂ ਹਨ। ਕਪਤਾਨ ਸੰਜੂ ਸੈਮਸਨ ਦੂਜੇ ਨੰਬਰ ‘ਤੇ ਹਨ। ਸੰਜੂ ਨੇ 7 ਮੈਚਾਂ ਵਿੱਚ 224 ਦੌੜਾਂ ਬਣਾਈਆਂ ਹਨ।
ਜੈਪੁਰ ਮੈਦਾਨ ਦੀ ਪਿੱਚ ਰਿਪੋਰਟ
ਜੈਪੁਰ ‘ਚ ਸਵਾਈ ਮਾਨਸਿੰਘ ਦੀ ਪਿੱਚ ਬੱਲੇਬਾਜ਼ਾਂ ਲਈ ਕਾਰਗਾਰ ਸਾਬਤ ਹੋਵੇਗੀ। ਇਸ ਮੈਦਾਨ ‘ਤੇ ਟੀ-20 ਕ੍ਰਿਕਟ ‘ਚ 180-196 ਦੇ ਵਿਚਕਾਰ ਸਕੋਰ ਆਮ ਬਣ ਜਾਂਦਾ ਹੈ। ਇਹ ਇਸ ਸੀਜ਼ਨ ‘ਚ ਇੱਥੇ ਦੂਜਾ ਮੈਚ ਹੋਵੇਗਾ। ਹੁਣ ਤੱਕ ਜੈਪੁਰ ‘ਚ 58 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਥੇ 20 ਮੈਚਾਂ ‘ਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਿੱਛਾ ਕਰਨ ਵਾਲੀ ਟੀਮ ਨੇ 38 ਮੈਚਾਂ ‘ਚ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 217/6 ਹੈ, ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ 2023 ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ ਬਣਾਇਆ ਸੀ।
ਜੈਪੁਰ ‘ਚ ਕਿਹੋ ਜਿਹਾ ਰਹੇਗਾ ਮੌਸਮ
ਮੈਚ ਵਾਲੇ ਦਿਨ ਜੈਪੁਰ ‘ਚ ਮੌਸਮ ਬਹੁਤ ਗਰਮ ਰਹੇਗਾ। ਸ਼ਨੀਵਾਰ ਨੂੰ ਇੱਥੇ ਤਾਪਮਾਨ 28 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਅਤੇ ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ।
Read More: GT ਬਨਾਮ DC: ਨਰਿੰਦਰ ਮੋਦੀ ਸਟੇਡੀਅਮ ‘ਚ ਅੱਜ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਜ਼ ਦਾ ਮੁਕਾਬਲਾ