July 7, 2024 2:13 pm
LSG Vs GT

LSG Vs GT: ਲਖਨਊ ਨੂੰ 7 ਦੌੜਾਂ ਨਾਲ ਹਰਾ ਕੇ ਗੁਜਰਾਤ ਟਾਈਟਨਜ਼ ਨੇ ਲਾਈ ਜਿੱਤ ਦੀ ਹੈਟ੍ਰਿਕ

ਚੰਡੀਗੜ੍ਹ, 22 ਅਪ੍ਰੈਲ 2023: (LSG Vs GT) ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲਖਨਊ ਸੁਪਰਜਾਇੰਟਸ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਦਰਜ ਕੀਤੀ। ਟੀਮ ਨੇ ਰੋਮਾਂਚਕ ਮੈਚ 7 ਦੌੜਾਂ ਨਾਲ ਜਿੱਤ ਲਿਆ ਹੈ । ਦੋਵੇਂ ਟੀਮਾਂ ਤੀਜੀ ਵਾਰ ਆਹਮੋ-ਸਾਹਮਣੇ ਸਨ। ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ ਸੱਤ ਦੌੜਾਂ ਨਾਲ ਹਰਾਇਆ।

ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਜ਼ ਨੇ ਛੇ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਜਵਾਬ ਵਿੱਚ ਲਖਨਊ ਦੀ ਟੀਮ ਸੱਤ ਵਿਕਟਾਂ ਗੁਆ ਕੇ ਸਿਰਫ਼ 128 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਦੋਵਾਂ ਟੀਮਾਂ ਲਈ ਕਪਤਾਨਾਂ ਨੇ ਬੱਲੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਅਰਧ-ਸੈਂਕੜੇ ਲਗਾਏ ਪਰ ਅੰਤ ਵਿੱਚ ਗੁਜਰਾਤ ਦੀ ਗੇਂਦਬਾਜ਼ੀ ਲਖਨਊ ‘ਤੇ ਹਾਵੀ ਹੋ ਗਈ। ਲਖਨਊ ਲਈ ਕਰੁਣਾਲ ਪੰਡਯਾ ਅਤੇ ਮਾਰਕਸ ਸਟੋਇਨਿਸ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਨਵੀਨ-ਉਲ-ਹੱਕ ਅਤੇ ਅਮਿਤ ਮਿਸ਼ਰਾ ਨੂੰ ਇਕ-ਇਕ ਵਿਕਟ ਮਿਲੀ।

ਗੁਜਰਾਤ ਲਈ ਮੋਹਿਤ ਸ਼ਰਮਾ ਅਤੇ ਨੂਰ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ। ਰਾਸ਼ਿਦ ਖਾਨ ਨੂੰ ਇੱਕ ਵਿਕਟ ਮਿਲੀ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਦੇ ਵੀ ਅੱਠ ਅੰਕ ਹੋ ਗਏ ਹਨ। ਅੰਕ ਸੂਚੀ ਵਿੱਚ ਸਿਖਰ ’ਤੇ ਕਾਬਜ਼ ਰਾਜਸਥਾਨ ਦੇ ਵੀ ਅੱਠ ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਦੇ ਆਧਾਰ ’ਤੇ ਇਹ ਟੀਮ ਸਿਖਰ ’ਤੇ ਹੈ। ਹਾਰ ਦੇ ਬਾਵਜੂਦ ਲਖਨਊ ਦੀ ਟੀਮ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਰਹੀ।