ਹੁਸ਼ਿਆਰਪੁਰ, 23 ਅਗਸਤ 2025: ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਐਲਪੀਜੀ ਨਾਲ ਭਰਿਆ ਇੱਕ ਟੈਂਕਰ ਫਟ ਗਿਆ। ਟੈਂਕਰ ਇੱਕ ਮਿੰਨੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਗੈਸ ਲੀਕ ਹੋਣ ਤੋਂ ਬਾਅਦ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਆਲੇ-ਦੁਆਲੇ ਦਾ ਇਲਾਕਾ ਆਪਣੀ ਲਪੇਟ ‘ਚ ਆ ਗਿਆ। ਆਪਣੇ ਘਰਾਂ ‘ਚ ਸੁੱਤੇ ਪਏ ਲੋਕ ਅਗੱਗ ਦੀ ਲਪੇਟ ‘ਚ ਆ ਗਏ । ਕੋਈ ਵੀ ਸਮਝ ਨਹੀਂ ਸਕਿਆ ਕਿ ਕੀ ਹੋਇਆ।
ਲੋਕ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਘਰਾਂ ਤੋਂ ਭੱਜ ਗਏ। ਫਾਇਰ ਬ੍ਰਿਗੇਡ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣ ਤੋਂ ਬਾਅਦ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਹਸਪਤਾਲ ‘ਚ ਬਿਸਤਰਿਆਂ ਦੀ ਘਾਟ ਪੈ ਗਈ। ਇੱਕ ਬਿਸਤਰੇ ‘ਤੇ ਦੋ ਮਰੀਜ਼ਾਂ ਨੂੰ ਰੱਖ ਕੇ ਇਲਾਜ ਸ਼ੁਰੂ ਕੀਤਾ ਗਿਆ। ਇਸ ਘਟਨਾ ‘ਚ 15 ਦੁਕਾਨਾਂ ਅਤੇ 4 ਘਰ ਸੜ ਗਏ।
ਐਸਡੀਐਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਹੁਣ ਤੱਕ 4 ਜਣਿਆਂ ਦੀ ਮੌਤ ਹੋ ਗਈ ਹੈ। 23 ਜਣੇ ਝੁਲਸ ਗਏ ਹਨ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਐਸਪੀ ਮੇਜਰ ਸਿੰਘ ਨੇ ਕਿਹਾ ਕਿ ਹਾਦਸਾ ਮੰਡਿਆਲਾ ਪਿੰਡ ਨੇੜੇ ਰਾਤ 11:15 ਵਜੇ ਹੋਇਆ। ਐਫਆਈਆਰ ਦਰਜ ਕਰ ਲਈ ਹੈ। ਲੋਕਾਂ ਦਾ ਦੋਸ਼ ਹੈ ਕਿ ਗੈਸ ਗੈਰ-ਕਾਨੂੰਨੀ ਢੰਗ ਨਾਲ ਭਰੀ ਜਾ ਰਹੀ ਹੈ, ਅਸੀਂ ਉਸ ਐਂਗਲ ਦੀ ਵੀ ਜਾਂਚ ਕਰ ਰਹੇ ਹਾਂ। ਫਿਲਹਾਲ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ।
ਹਾਦਸੇ ਤੋਂ ਬਾਅਦ ਹੁਸ਼ਿਆਰਪੁਰ-ਜਲੰਧਰ ਰਾਸ਼ਟਰੀ ਰਾਜਮਾਰਗ ਬੰਦ ਹੈ। ਇਸ ਦੇ ਨਾਲ ਹੀ ਲੋਕਾਂ ਨੇ ਮੁਆਵਜ਼ੇ ਅਤੇ ਮਾਮਲੇ ਦੀ ਜਾਂਚ ਲਈ ਧਰਨਾ ਦਿੱਤਾ। ਐਸਡੀਐਮ ਦੇ ਭਰੋਸੇ ‘ਤੇ ਲੋਕਾਂ ਨੇ ਧਰਨਾ ਖਤਮ ਕਰ ਦਿੱਤਾ।
Read More: ਮੋਹਾਲੀ ਦੀ ਫੈਕਟਰੀ ‘ਚ ਸਿਲੰਡਰ ਧ.ਮਾ.ਕਾ, 2 ਜਣਿਆਂ ਦੀ ਮੌ.ਤ