ਚੰਡੀਗੜ੍ਹ, 01 ਸਤੰਬਰ 2023: ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਮਹੀਨੇ ਦੇ ਪਹਿਲੇ ਦਿਨ ਗੈਸ ਸਿਲੰਡਰ (LPG cylinder) ਦੀਆਂ ਕੀਮਤਾਂ ‘ਚ ਰਾਹਤ ਦੀ ਖ਼ਬਰ ਆਈ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਸਿਲੰਡਰ ਲਈ ਨਵੇਂ ਰੇਟ ਜਾਰੀ ਕੀਤੇ ਹਨ। ਇਸ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 157 ਰੁਪਏ ਸਸਤਾ ਹੋ ਗਿਆ ਹੈ। ਇਹ ਨਵੀਂ ਕੀਮਤ ਸਤੰਬਰ ਤੋਂ ਹੀ ਲਾਗੂ ਹੋ ਗਈ ਹੈ।
ਚੋਣ ਵਰ੍ਹਾ ਹੋਣ ਕਾਰਨ ਸਿਲੰਡਰ (LPG cylinder) ਦੀਆਂ ਕੀਮਤਾਂ ਵਿੱਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। ਵਪਾਰਕ ਸਿਲੰਡਰਾਂ ਦੀ ਗੱਲ ਕਰੀਏ ਤਾਂ ਜੁਲਾਈ ਤੋਂ ਸਤੰਬਰ ਤੱਕ ਵਪਾਰਕ ਖਪਤਕਾਰਾਂ ਨੂੰ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। 1 ਸਤੰਬਰ ਨੂੰ ਜਾਰੀ ਕੀਤੇ ਗਏ ਕਮਰਸ਼ੀਅਲ ਸਿਲੰਡਰ ਦੇ ਰੇਟ ਵਿੱਚ 157 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਸਿਲੰਡਰ ਲਈ ਖਪਤਕਾਰਾਂ ਨੂੰ 1600 ਰੁਪਏ ਦੇਣੇ ਪੈਣਗੇ।
ਅਗਸਤ ਮਹੀਨੇ ‘ਚ ਇਸ ਦੀ ਕੀਮਤ 1757 ਰੁਪਏ 50 ਪੈਸੇ ਸੀ, ਜਦਕਿ ਜੁਲਾਈ ‘ਚ ਇਸ ਦੀ ਕੀਮਤ 1850 ਰੁਪਏ ਸੀ। ਅਜਿਹੇ ‘ਚ ਲਗਾਤਾਰ ਤੀਜੇ ਮਹੀਨੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਕਮਰਸ਼ੀਅਲ ਸਿਲੰਡਰ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੀ ਕਟੌਤੀ ਕਾਰਨ ਛੋਟੇ ਦੁਕਾਨਦਾਰਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਬੱਸ ਸਟੈਂਡ ‘ਤੇ ਚਾਹ ਆਦਿ ਦੀ ਸਟਾਲ ਚਲਾਉਣ ਵਾਲਿਆਂ ‘ਤੇ ਵਪਾਰਕ ਸਿਲੰਡਰ ਦੇ ਉੱਚੇ ਰੇਟ ਉਨ੍ਹਾਂ ‘ਤੇ ਭਾਰੀ ਵਿੱਤੀ ਬੋਝ ਹਨ। ਅਜਿਹੇ ‘ਚ ਕੀਮਤਾਂ ਹੌਲੀ-ਹੌਲੀ ਘੱਟ ਹੋ ਰਹੀਆਂ ਹਨ ਜੋ ਛੋਟੇ ਖਪਤਕਾਰਾਂ ਲਈ ਰਾਹਤ ਦੀ ਗੱਲ ਹੈ। ਘਰੇਲੂ ਗੈਸ ਸਿਲੰਡਰ ਦੇ ਰੇਟ ਵੀ ਔਸਤ ਪਰਿਵਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਘੱਟ ਕੀਤੇ ਜਾਣੇ ਚਾਹੀਦੇ ਹਨ।