Illegal liquor

ਲੋਕ ਸਭਾ ਚੋਣਾਂ: ਹਰਿਆਣਾ ‘ਚ ਹੁਣ ਤੱਕ 14 ਕਰੋੜ ਰੁਪਏ ਤੋਂ ਵੱਧ ਦੀ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥ ਤੇ ਨਕਦੀ ਜ਼ਬਤ

ਚੰਡੀਗੜ੍ਹ, 8 ਅਪ੍ਰੈਲ 2024: ਹਰਿਆਣਾ ਵਿਚ ਲੋਕ ਸਭਾ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਏਜੰਸੀਆਂ ਵਲੋਂ ਨਾਜਾਇਜ਼ ਸ਼ਰਾਬ (Illegal liquor) ਅਤੇ ਨਸ਼ਿਆਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ | ਸੂਬੇ ਵਿੱਚ ਹੁਣ ਤੱਕ 10.5 ਕਰੋੜ ਰੁਪਏ ਤੋਂ ਵੱਧ ਦੀ ਨਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥ ਅਤੇ 3.62 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ।

ਜਾਣਕਾਰੀ ਦਿੰਦਿਆਂ ਰਾਜ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਪਰੋਕਤ ਕਾਰਵਾਈ ਪੁਲਿਸ, ਆਮਦਨ ਕਰ ਵਿਭਾਗ, ਆਬਕਾਰੀ ਤੇ ਕਰ ਵਿਭਾਗ ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ 40,22 ਲੱਖ ਰੁਪਏ ਦੀ ਨਕਦੀ, 225.57 ਲੱਖ ਰੁਪਏ ਦੀ 70,671.54 ਲੀਟਰ ਸ਼ਰਾਬ (Illegal liquor), 514.48 ਲੱਖ ਰੁਪਏ ਦੀ ਕੀਮਤ ਦਾ ਨਸ਼ੀਲਾ ਪਦਾਰਥ, 56.81 ਲੱਖ ਰੁਪਏ ਦੀ ਕੀਮਤ ਦਾ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਆਮਦਨ ਕਰ ਵਿਭਾਗ ਨੇ 42 ਲੱਖ ਰੁਪਏ ਨਕਦ, 173 ਲੱਖ ਰੁਪਏ ਤੋਂ ਵੱਧ ਮੁੱਲ ਦੀਆਂ 2967.88 ਗ੍ਰਾਮ ਕੀਮਤੀ ਵਸਤਾਂ ਅਤੇ 42.19 ਲੱਖ ਰੁਪਏ ਦੀਆਂ ਹੋਰ ਵਸਤਾਂ ਜ਼ਬਤ ਕੀਤੀਆਂ ਹਨ।

ਅਨੁਰਾਗ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ 2.5 ਲੱਖ ਰੁਪਏ ਦੀ ਨਕਦੀ ਅਤੇ 40 ਲੱਖ ਰੁਪਏ ਦੀ 101036 ਲੀਟਰ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਡੀਆਰਆਈ ਵੱਲੋਂ 2 ਕਰੋੜ 78 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ।

Scroll to Top