ਲੋਕ ਸਭਾ ਚੋਣਾਂ 2024: ਸਵੀਪ ਟੀਮ ਨੇ ਹਲਕਾ ਡੇਰਾਬੱਸੀ ‘ਚ ਨੌਜਵਾਨਾਂ ਨੂੰ ਕੀਤਾ ਜਾਗਰੂਕ

Lok Sabha Elections

ਡੇਰਾਬੱਸੀ, 25 ਅਪ੍ਰੈਲ 2024: ਲੋਕ ਸਭਾ ਚੋਣਾਂ-2024 (Lok Sabha Elections 2024) ਲਈ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਵੋਟ ਦੇ ਹੱਕ ਦੇ ਇਸਤੇਮਾਲ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸਵੀਪ ਟੀਮ ਨੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਵੱਖ-ਵੱਖ ਕਾਲਜਾਂ ਵਿਚ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

ਹਲਕਾ ਡੇਰਾਬੱਸੀ ਦੇ ਸਹਾਇਕ ਰਿਟਰਨਿੰਗ ਅਫ਼ਸਰ ਕਮ ਸਬ ਡਵੀਜ਼ਨਲ ਮੈਜਿਸਟ੍ਰੇਟ ਹਿਮਾਂਸ਼ੂ ਗੁਪਤਾ ਦੇ ਨਿਰਦੇਸ਼ਾਂ ਤਹਿਤ ਡੇਰਾਬੱਸੀ ਵਿਧਾਨ ਸਭਾ ਹਲਕੇ ਦੀ ਟੀਮ ਵੱਲੋਂ ਯੂਨੀਵਰਸਲ ਗਰੁੱਪ ਆਫ਼ ਕਾਲੇਜ ਲਾਲੜੂ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉੱਘੇ ਅਦਾਕਾਰ ਅਤੇ ਟੈਲੀਵਿਜ਼ਨ ਸਟਾਰ (ਕੰਨਟੀਨੀ ਫੇਮ) ਰਵਨੀਤ ਨੇ ਵੀ ਯੂਨੀਵਰਸਲ ਕਾਲਜ ਦੌਰਾਨ ਚਲ ਰਹੇ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ 1 ਜੂਨ ਨੂੰ 100 ਫ਼ੀਸਦੀ ਵੋਟ ਪਾਉਣ ਦੀ ਅਪੀਲ ਕੀਤੀ।

ਸਰਕਾਰੀ ਆਈ ਟੀ ਆਈ ਲਾਲੜੂ ਵਿਖੇ ਪ੍ਰਿੰਸੀਪਲ ਹਰਵਿੰਦਰ ਸਿੰਘ ਦੀ ਨਿਰਦੇਸ਼ਨਾ ਵਿਚ ਉਲੀਕੇ ਪ੍ਰੋਗਰਾਮ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਈ ਵੀ ਐਮ ਅਤੇ ਵੀ ਵੀ ਪੈਟ ਸਬੰਧੀ ਵੀਡੀਓ ਦਿਖਾਏ ਗਏ ਅਤੇ ਨੁੱਕੜ ਨਾਟਕ ‘ਮੇਰੀ ਵੋਟ ਵਿਕਾਊ ਨਹੀਂ’ ਦਾ ਮੰਚਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਚੋਣਾਂ (Lok Sabha Elections 2024) ਵਾਲੇ ਦਿਨ ਪੋਲਿੰਗ ਬੂਥਾਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਯੋਗ ਵੋਟਰ ਰਜਿਸਟਰ ਨਹੀ ਹੋਏ, ਉਹ 4 ਮਈ ਤੱਕ ਰਜਿਸਟ੍ਰੇਸ਼ਨ ਕਰਵਾ ਲੈਣ।

ਇਸ ਮੌਕੇ ਹਲਕਾ ਡੇਰਾਬੱਸੀ ਦੀ ਸਵੀਪ ਟੀਮ ਵੱਲੋਂ ਮ੍ਰਿਦਿਲਾ, ਮੀਨਾ ਰਾਜਪੂਤ ਅਤੇ ਅਮਰੀਕ ਸਿੰਘ ਨੇ ਸ਼ਿਰਕਤ ਕੀਤੀ। ਨੌਜਵਾਨਾਂ ਵੱਲੋਂ ਵੋਟ ਸਬੰਧੀ ਸੈਲਫੀ ਪੁਆਇੰਟ ਵਿਖੇ ਤਸਵੀਰਾਂ ਖਿਚਵਾਉਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਹਨਾਂ ਪ੍ਰੋਗਰਾਮਾਂ ਵਿੱਚ ਪ੍ਰੋ ਬਰਿੰਦਰ ਪ੍ਰਤਾਪ ਸਿੰਘ, ਸੁਖਦਰਸ਼ਨ ਸਿੰਘ ਆਈ ਟੀ ਆਈ ਲਾਲੜੂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਰਾਜਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਨੁੱਕੜ ਨਾਟਕ ਦੀ ਟੀਮ ਨੂੰ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਵਾਲੀਆਂ ਕੈਪਸ ਵੀ ਵੰਡੀਆਂ ਗਈਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।