ਸ੍ਰੀ ਮੁਕਤਸਰ ਸਾਹਿਬ, 31 ਮਈ 2024: ਲੋਕ ਸਭਾ ਚੋਣ ਲਈ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਨੇ ਸਮੂਹ ਵੋਟਰਾਂ (Voters) ਨੂੰ ਮਤਦਾਨ ਕੇਂਦਰਾਂ ’ਤੇ ਪਹੁੰਚ ਕੇ ਵੋਟ ਕਰਨ ਲਈ ਨਿੱਘਾ ਚੋਣ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਨਾਗਰਿਕਾਂ ਦਾ ਇਕ ਅਧਿਕਾਰ ਵੀ ਹੈ ਅਤੇ ਇਹ ਇੱਕ ਫਰਜ ਵੀ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰ ਦੀ ਮਜਬੂਤੀ ਲਈ ਆਪਣੀ ਵੋਟ ਜਰੂਰ ਪਾਉਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਅਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁਣਦੇ ਹਨ। ਲੋਕ ਸਭਾ ਲਈ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਅਸੀਂ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸਾਰੇ 753 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ, ਇਨ੍ਹਾਂ ਪੋਲਿੰਗ ਬੂਥਾਂ ਵਿੱਚ 40 ਮਾਡਲ ਪੋਲਿੰਗ ਬੂਥ, 09 ਬੀਬੀਆਂ ਦੀ ਸਹੂਲਤ ਲਈ ਸਪੈਸ਼ਲ ਬੂਥ, 04 ਦਿਵਿਆਂਗ ਵਿਅਕਤੀਆਂ ਲਈ ਬੂਥ, 04 ਨੌਜਵਾਨਾਂ ਲਈ ਅਤੇ 04 ਗਰੀਨ ਬੂਥ ਵੀ ਚੋਣ ਵਿਭਾਗ ਵੱਲੋਂ ਵੋਟਰਾਂ ਦੀ ਸਹੂਲਤ ਲਈ ਬਣਾਏ ਗਏ ਹਨ। ਬੂਥਾਂ ’ਤੇ ਵੀ ਅਸੀਂ ਵੋਟਰਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹਨ।
ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਵਿੱਚ 213 ਪੋਲਿੰਗ ਬੂਥ, ਵਿਧਾਨ ਸਭਾ ਹਲਕਾ ਲੰਬੀ ਵਿੱਚ 177 ਪੋਲਿੰਗ ਬੂਥ, ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ 173 ਅਤੇ ਵਿਧਾਨ ਸਭਾ ਹਲਕਾ ਮਲੋਟ ਵਿੱਚ 190 ਪੋਲਿੰਗ ਬੂਥ ਵੋਟਰਾਂ (Voters) ਦੀ ਸਹੂਲਤ ਲਈ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 6,94,586 ਵੋਟਰ ਹਨ ਜਿਨ੍ਹਾਂ ਵਿੱਚੋਂ 3,64,096 ਮਰਦ ਵੋਟਰ ਅਤੇ 3,30,467 ਔਰਤ ਵੋਟਰਾਂ ਤੋਂ ਇਲਾਵਾ 23 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਫਰਜ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਜਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਮਤਦਾਨ ਲਈ ਬੂਥ ’ਤੇ ਆਓ ਅਤੇ ਦੇਸ਼ ਦੇ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜਰ ਕੁਝ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸਦਾ ਸਭ ਧਿਰਾਂ ਨੂੰ ਪਾਲਣ ਦੀ ਅਪੀਲ ਹੈ। ਇਹ ਹਦਾਇਤਾਂ ਧਾਰਾ 144 ਤਹਿਤ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ। ਚੋਣਾਂ ਦੇ ਮੱਦੇਨਜਰ ਅਸੀਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਨੂੰ ਮਤਦਾਨ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਅਤੇ ਫਿਰ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਣਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੇ ਠੇਕੇ ਪੂਰੀ ਤਰਾਂ ਬੰਦ ਰਹਿਣਗੇ।
ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਅੰਦਰ ਮੋਬਾਇਲ ਫੋਨ ਲੈ ਕੇ ਆਉਣ ਤੇ ਪਾਬੰਦੀ ਹੋਵੇਗੀ । ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਜਾਂ ਉਨ੍ਹਾਂ ਦੇ ਸਮਰੱਥਕ ਕੋਈ ਵੀ ਪ੍ਰਚਾਰ ਜਾਂ ਬੈਨਰ ਨਹੀਂ ਲਗਾ ਸਕੇਣਗੇ ਅਤੇ ਪਾਰਟੀਆਂ ਦੇ ਬੂਥ ਵੀ ਕੇਂਦਰ ਤੋਂ ਘੱਟੋ ਘੱਟ 200 ਮੀਟਰ ਦੂਰ ਹੀ ਲਗਾਉਣਗੀਆਂ।
30 ਮਈ ਸ਼ਾਮ ਨੂੰ ਚੌਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਘਰ ਘਰ ਪ੍ਰਚਾਰ ਦੌਰਾਨ ਵੀ 5 ਤੋਂ ਜਿਆਦਾ ਵਿਅਕਤੀਆਂ ਦੇ ਇੱਕਠੇ ਚੱਲਣ ਤੇ ਪਾਬੰਦੀ ਲਗਾਈ ਗਈ ਹੈ। ਲਾਊਡਸਪੀਕਰ ਦੀ ਵਰਤੋਂ ਦੀ ਹੁਣ ਮਨਾਹੀ ਹੈ। ਕਿਸੇ ਟੀ.ਵੀ. ਜਾਂ ਸੀਨੇਮੈਟੋਗ੍ਰਾਫੀ ਮਾਧਿਅਮ ਰਾਹੀਂ ਵੀ ਪ੍ਰਚਾਰ ’ਤੇ ਰੋਕ ਹੈ। ਓਪੀਨੀਅਨ ਪੋਲ, ਐਗਜ਼ਿਟ ਪੋਲ ’ਤੇ ਵੀ ਰੋਕ ਲਗਾਈ ਗਈ ਹੈ। ਇਲੈਕਟ੍ਰੋਨਿਕ ਮੀਡੀਆ ਵਿੱਚ ਕੋਈ ਸਿਆਸੀ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਹੈ ਅਤੇ 1 ਜੂਨ ਦੀਆਂ ਅਖਬਾਰਾਂ ਵਿਚ ਜੇਕਰ ਕੋਈ ਸਿਆਸੀ ਇਸ਼ਤਿਹਾਰ ਛਪਾਉਣਾ ਹੋਵੇ ਤਾਂ ਉਸਦੀ ਐਮ.ਸੀ.ਐਮ.ਸੀ. ਤੋਂ ਪ੍ਰੀ ਸਰਟੀਫਿਕੇਸ਼ਨ ਕਰਵਾਈ ਜਾਣੀ ਲਾਜਮੀ ਹੈ।
ਉਨ੍ਹਾਂ ਨੇ ਕਿਹਾ ਕਿ ਫੇਕ ਨਿਊਜ ’ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜਰ ਹੈ ਅਤੇ ਜੇਕਰ ਕਿਸੇ ਨੇ ਵੀ ਕੋਈ ਫੇਕ ਨਿਊਜ ਫੈਲਾਈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।