ਚੰਡੀਗੜ੍ਹ, 5 ਅਪ੍ਰੈਲ 2024: ਲੋਕ ਸਭਾ ਚੋਣਾਂ ‘ਚ ਕੁਝ ਹੀ ਦਿਨ ਬਾਕੀ ਹਨ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਅਜਿਹੇ ‘ਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਆਖਰੀ ਦਾਅ ਖੇਡ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਕਾਂਗਰਸ (Congress) ਨੇ ਲੋਕ ਸਭਾ ਚੋਣਾਂ 2024 ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ।
ਕਾਂਗਰਸ (Congress) ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਚੋਣ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦਾ ਨਾਂ ‘ਨਿਆ ਪੱਤਰ’ ਰੱਖਿਆ ਹੈ। ਕਾਂਗਰਸ ਦਾ ਮੈਨੀਫੈਸਟੋ ‘ਪੰਜ ਨਿਆ ਅਤੇ 25 ਗਾਰੰਟੀਆਂ’ ‘ਤੇ ਆਧਾਰਿਤ ਹੈ। ਇਹ ਪੰਜ ਨਿਆ ‘ਭਾਗਦਾਰੀ ਨਿਆਂ’, ‘ਕਿਸਾਨ ਨਿਆਂ’, ‘ਬੀਬੀ ਨਿਆਂ’, ‘ਲੇਬਰ ਨਿਆ’ ਅਤੇ ‘ਨੌਜਵਾਨ ਨਿਆ’ ‘ਤੇ ਆਧਾਰਿਤ ਹੈ। ਮੈਨੀਫੈਸਟੋ ਵਿੱਚ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਮੈਨੀਫੈਸਟੋ ਵਿੱਚ 25 ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਹਨ। ਖੜਗੇ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਗਰੀਬਾਂ ਨੂੰ ਸਮਰਪਿਤ ਹੈ। ਗਰੀਬ ਬੀਬੀਆਂ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਜਦੋਂ ਕਿ ਨੌਜਵਾਨ ਨਿਆ ਤਹਿਤ 30 ਲੱਖ ਸਰਕਾਰੀ ਨੌਕਰੀਆਂ ਦੇਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਹੈ |