ਲੋਹੜੀ, 5 ਜਨਵਰੀ 2026: ਲੋਹੜੀ (lohri) ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ, ਦੱਸ ਦੇਈਏ ਕਿ ਇਹ ਤਿਉਹਾਰ ਉੱਤਰੀ ਭਾਰਤ ਦਾ ਖ਼ਾਸ ਹੈ, ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਰਦੀਆਂ ਅਤੇ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਹੈ| ਉਥੇ ਹੀ ਇਹ ਵੀ ਦੱਸ ਦੇਈਏ ਕਿ ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ।

Lohri 2026: ਤਿਲ ਅਤੇ ਰਿਓੜੀਆਂ
ਲੋਹੜੀ (lohri) ਸ਼ਬਦ ਤਿਲ ਅਤੇ ਰਿਓੜੀਆਂ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜੋ ਪਹਿਲਾਂ ਤਿਲੋਹੜੀ ਅਤੇ ਫਿਰ ਸਮੇਂ ਦੇ ਨਾਲ ਨਾਲ ਸਰਲ ਹੋ ਕੇ ਲੋਹੜੀ ਕਹਿਲਾਉਣ ਲੱਗ ਪਿਆ।

Lohri 2026:ਕਦੋਂ ਮਨਾਇਆ ਜਾਂਦਾ ਤਿਉਹਾਰ
ਲੋਹੜੀ (lohri) ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ, ਉਹ ਘਰ ਵਾਲੇ ਮੁੰਡੇ ਜੰਮਣ ਦੀ ਖੁਸ਼ੀ ਵਿਚ ਲੋਹੜੀ ਵਾਲੇ ਦਿਨ ਗੁੜ ਵੰਡਦੇ ਹਨ। ਲੋਹੜੀ ਨੂੰ ਲੋਹੀ ਵੀ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਲੜਕੀ ਨਾਲੋਂ ਲੜਕੇ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਹੀ ਲੜਕੇ ਦੇ ਜੰਮਣ ਤੇ ਖ਼ੁਸ਼ੀ ਮਨਾਈ ਜਾਂਦੀ ਹੈ।
ਪਰ ਤੁਹਾਨੂੰ ਦੱਸ ਦੇਈਏ ਕਿ ਹੁਣ ਸਮਾਜ ਬਹੁਤ ਬਦਲ ਗਿਆ ਹੈ, ਪਹਿਲਾ ਸਿਰਫ ਮੁੰਡੇ ਦੀ ਹੀ ਲੋਹੜੀ ਵੰਡੀ ਜਾਂਦੀ ਸੀ, ਪਰ ਹੁਣ ਕੁੜੀਆਂ ਮੁੰਡਿਆਂ ਤੋਂ ਕਿਤੇ ਅੱਗੇ ਨਿਕਲ ਗਈਆਂ ਹਨ,ਅਤੇ ਉਨ੍ਹਾਂ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ, ਹਰ ਜਗ੍ਹਾ ਕੁੜੀਆਂ ਜਿੱਤ ਦੇ ਝੰਡੇ ਗੱਡ ਰਹੀਆਂ ਹਨ ਅਤੇ ਹੁਣ ਕੁੜੀਆਂ ਦੀ ਵੀ ਲੋਹੜੀ ਵੰਡੀ ਜਾਂਦੀ ਹੈ|
ਪਹਿਲਾ ਸਮਾਂ ਹੁੰਦਾ ਸੀ ਕਿ ਜੇ ਘਰ ਦੇ ਵਿੱਚ ਲੜਕੀ ਜਨਮ ਲੈਂਦੀ ਸੀ ਤਾਂ ਲੜਕੀ ਜੰਮਣ ਤੇ ਘਰ ਵਿਚ ਸੋਗ ਪੈ ਜਾਂਦਾ ਹੈ। ਉਦਾਸੀ ਛਾ ਜਾਂਦੀ ਹੈ। ਪਹਿਲੇ ਸਮਿਆਂ ਵਿਚ ਲੋਹੜੀ ਵੰਡਣ ਲਈ ਲੜਕੇ ਦੀਆਂ ਭੂਆ, ਚਾਚੀਆਂ, ਤਾਈਆਂ, ਭੈਣਾਂ ਨਵੇਂ-ਨਵੇਂ ਸੂਟ ਪਾ ਕੇ ਪਿੰਡ ਵਿਚ ਹਫਤਾ-ਹਫਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ ਕਿਉਂ ਜੋ ਸਾਰੇ ਪਿੰਡ ਵਿਚ ਗੁੜ ਵੰਡਣ ਲਈ ਕਈ ਦਿਨ ਲੱਗ ਜਾਂਦੇ ਸਨ।
ਲੋਹੜੀ (lohri) ਤੇ ਸਾਰੇ ਰਿਸ਼ਤੇਦਾਰ ਆਉਂਦੇ ਸਨ। ਲੋਹੜੀ ਘਰ ਵਿਚ ਬਾਲੀ ਜਾਂਦੀ ਸੀ। ਘਰ ਵਾਲੇ, ਰਿਸ਼ਤੇਦਾਰ, ਆਂਢੀ-ਗੁਆਂਢੀ, ਸ਼ਰੀਕੇਵਾਲੇ ਸਾਰੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਊੜੀਆਂ, ਮੂੰਗਫਲੀ, ਮੱਕੀ ਦੇ ਦਾਣੇ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਲੋਹੜੀ ਦਿੱਤੀ ਜਾਂਦੀ ਸੀ। ਲਾਗੀ ਤੱਥੀ ਸਾਰੇ ਲੋਹੜੀ ਮੰਗਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵਾਲੇ ਗੀਤ ‘ ਗਾਏ ਜਾਂਦੇ ਸਨ। ਲੋਹੜੀ ਮੰਗਣ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ ਕਿਉਂ ਜੋ ਦੁੱਲਾ ਭੱਟੀ ਨੇ ਦੋ ਗਰੀਬ ਲੜਕੀਆਂ ਦੇ ਵਿਆਹ ਕੀਤੇ ਸਨ।

Lohri 2026: ਤਾਰੀਖ਼
ਲੋਹੜੀ ਵਿਕਰਮੀ ਕੈਲੰਡਰ ਨਾਲ ਜੁੜੀ ਹੋਈ ਹੈ, ਅਤੇ ਬਾਕੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਵਜੋਂ ਮਨਾਏ ਜਾਣ ਵਾਲੇ ਮਾਘੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਪੋਹ ਦੇ ਮਹੀਨੇ ਵਿੱਚ ਆਉਂਦੀ ਹੈ ਅਤੇ ਚੰਦਰਮਾ ਦੇ ਪੰਜਾਬੀ ਕੈਲੰਡਰ ਦੇ ਸੂਰਜੀ ਹਿੱਸੇ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਸਾਲਾਂ ਵਿੱਚ ਇਹ ਗ੍ਰੈਗੋਰੀਅਨ ਕੈਲੰਡਰ ਦੇ 13 ਜਾ 14 ਜਨਵਰੀ ਨੂੰ ਮਨਾਈ ਜਾਂਦੀ ਹੈ।
Lohri 2026: ਦੁੱਲਾ ਭੱਟੀ
ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ।
ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਨੂੰ ਅਗਵਾਕਾਰਾਂ ਤੋਂ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ।
ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਚੋਰੀ ਚੁੱਕਣ ਦੀ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ਿੰਮੇਵਾਰੀ ਲੈ ਲਈ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ।
ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!

Lohri 2026: ਲੋਹੜੀ ਮੰਗਣ ਦਾ ਰਿਵਾਜ
ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ (ਅੱਜਕਲ੍ਹ ਬੱਚੇ) ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :
ਦੇਹ ਮਾਈ ਪਾਥੀ, ਤੇਰਾ ਪੁੱਤ ਚੜੂਹਗਾ ਹਾਥੀ।
ਹਾਥੀ ਨੇ ਮਾਰੀ ਟੱਕਰ, ਤੇਰਾ ਪੁੱਤ ਖਾਊਗਾ ਸ਼ੱਕਰ।
Lohri 2026: ਭਾਜੀ ਦਾ ਰਿਵਾਜ
ਲੋਹੜੀ ਤੋਂ ਪਹਿਲਾ ਪੇਕੇ ਘਰ ਵੱਲੋਂ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈੇ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿੱਚ ਸ਼ਾਮਿਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ। ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁੱਝ ਕੁੱਝ ਤਿਉਹਾਰ ਵੱਜੋਂ ਭੇਜਦੇ ਹਨ। ਕਈ ਕੁੜੀ ਦੇ ਸਹੁਰੇ ਉਸ ਭਾਜੀ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਵੰਡ ਦਿੰਦੇ ਹਨ।
Lohri 2026:ਲੋਹੜੀ ਦੀ ਰਾਤ ਭੁੱਗਾ ਬਾਲਣ ਦਾ ਰਿਵਾਜ
ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਲੈ ਕੇ ਲੋਹੜੀ ਵਾਲ਼ੇ ਘਰ ਦੇ ਖੁੱਲ੍ਹੇ ਵਿਹੜੇ ‘ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ ‘ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱੱਚ ਤਿਲ ,ਰਿਉੜੀਆਂ, ਮੂੰਗਫਲੀ ਸੁੱਟ ਕੇ ਬੋਲਦੇ ਹਨ –
ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

Lohri 2026:ਪਕਵਾਨ ਬਣਾਉਣ ਦਾ ਰਿਵਾਜ
ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਖਜੂਰਾਂ, ਰੌਅ ਦੀ ਖੀਰ(ਗੰਨੇ ਦੇ ਰਸ ਨੂੰ ਰੌਅ ਕਹਿੰਦੇ ਹਨ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਇਸੇ ਲਈ ਇਸਨੂੰ ਆਖਦੇ ਹਨ -ਪੋਹ ਰ੍ਹਿੰਨੀ ਮਾਘ ਖਾਧੀ

Read More: Lohri: ਕਿਸ ਦਿਨ ਮਨਾਈ ਜਾਵੇਗੀ ਲੋਹੜੀ, ਜਾਣੋ ਵੇਰਵਾ




