Lohri 2025: ਲੋਹੜੀ ਦੇ ਤਿਉਹਾਰ ਦਾ ਕੀ ਹੈ ਮਹੱਤਵ, ਦੁੱਲਾ ਭੱਟੀ ਦੀ ਜਾਣੋ ਕਹਾਣੀ

Lohri 11 ਜਨਵਰੀ 2025: ਲੋਹੜੀ ਦਾ ਤਿਉਹਾਰ ਉੱਤਰੀ ਭਾਰਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਮੁੱਖ ਤੌਰ ‘ਤੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦੇ ਆਉਣ ਨਾਲ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਰਹਿੰਦਾ ਹੈ।

ਦੱਸ ਦੇਈਏ ਕਿ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੀ ਕਟਾਈ ਦਾ ਪ੍ਰਤੀਕ ਹੈ। ਲੋਹੜੀ ਦਾ ਤਿਉਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਮੂੰਗਫਲੀ, ਰੇਵੜੀ ਆਦਿ ਨੂੰ ਅੱਗ ਵਿੱਚ ਪਾ ਦਿੱਤਾ ਜਾਂਦਾ ਹੈ।

ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ, ਉਹ ਘਰ ਵਾਲੇ ਮੁੰਡੇ ਜੰਮਣ ਦੀ ਖੁਸ਼ੀ ਵਿਚ ਲੋਹੜੀ ਵਾਲੇ ਦਿਨ ਗੁੜ ਵੰਡਦੇ ਹਨ। ਲੋਹੜੀ ਨੂੰ ਲੋਹੀ ਵੀ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਲੜਕੀ ਨਾਲੋਂ ਲੜਕੇ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਹੀ ਲੜਕੇ ਦੇ ਜੰਮਣ ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਪੁੰਨ-ਦਾਨ ਕੀਤਾ ਜਾਂਦਾ ਹੈ। ਲੋਹੜੀ ਵੰਡੀ ਜਾਂਦੀ ਹੈ। ਉੱਥੇ ਲੜਕੀ ਜੰਮਣ ਤੇ ਘਰ ਵਿਚ ਸੋਗ ਪੈ ਜਾਂਦਾ ਹੈ। ਉਦਾਸੀ ਛਾ ਜਾਂਦੀ ਹੈ। ਪਹਿਲੇ ਸਮਿਆਂ ਵਿਚ ਲੋਹੜੀ ਵੰਡਣ ਲਈ ਲੜਕੇ ਦੀਆਂ ਭੂਆ, ਚਾਚੀਆਂ, ਤਾਈਆਂ, ਭੈਣਾਂ ਨਵੇਂ-ਨਵੇਂ ਸੂਟ ਪਾ ਕੇ ਪਿੰਡ ਵਿਚ ਹਫਤਾ-ਹਫਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ ਕਿਉਂ ਜੋ ਸਾਰੇ ਪਿੰਡ ਵਿਚ ਗੁੜ ਵੰਡਣ ਲਈ ਕਈ ਦਿਨ ਲੱਗ ਜਾਂਦੇ ਸਨ। ਲੋਹੜੀ ਤੇ ਸਾਰੇ ਰਿਸ਼ਤੇਦਾਰ ਆਉਂਦੇ ਸਨ।

ਲੋਹੜੀ ਘਰ ਵਿਚ ਬਾਲੀ ਜਾਂਦੀ ਸੀ। ਘਰ ਵਾਲੇ, ਰਿਸ਼ਤੇਦਾਰ, ਆਂਢੀ-ਗੁਆਂਢੀ, ਸ਼ਰੀਕੇਵਾਲੇ ਸਾਰੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਊੜੀਆਂ, ਮੂੰਗਫਲੀ, ਮੱਕੀ ਦੇ ਦਾਣੇ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਲੋਹੜੀ ਦਿੱਤੀ ਜਾਂਦੀ ਸੀ। ਲਾਗੀ ਤੱਥੀ ਸਾਰੇ ਲੋਹੜੀ ਮੰਗਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵਾਲੇ ਗੀਤ ‘ ਗਾਏ ਜਾਂਦੇ ਸਨ। ਲੋਹੜੀ ਮੰਗਣ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ ਕਿਉਂ ਜੋ ਦੁੱਲਾ ਭੱਟੀ ਨੇ ਦੋ ਗਰੀਬ ਲੜਕੀਆਂ ਦੇ ਵਿਆਹ ਕੀਤੇ ਸਨ।

ਦੁੱਲਾ ਭੱਟੀ

ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ।ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ।

ਇੱਕ ਹੋਰ ਦੰਤ-ਕਥਾ ਅਨੁਸਾਰ:  ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ,” “ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ।

ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।

ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!

ਬਦਕਿਸਮਤੀ ਨਾਲ ਇਸ ਤਿਉਹਾਰ ਦੀ ਮਹੱਤਤਾ ਸਿਰਫ਼ ਮੁੰਡਿਆਂ ਲਈ ਹੋਣ ਲੱਗ ਪਈ ਅਤੇ ਕੁੜੀਆਂ ਨੂੰ ਘਟੀਆ ਸਮਝਿਆ ਜਾਣ ਲੱਗਾ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ – ‘ਸੋ ਕਿਓਂ ਮੰਦਾ ਆਖੇ, ਜਿਤ ਜੰਮੇ ਰਾਜਾਨ’ ਭਾਵ ਰਾਜਿਆਂ, ਸਮਰਾਟਾਂ, ਸੰਤਾਂ ਅਤੇ ਰਿਸ਼ੀਆਂ ਨੂੰ ਜਨਮ ਦੇਣ ਵਾਲੀ ਔਰਤ ਕਿਵੇਂ ਨੀਵੀਂ ਹੋ ਸਕਦੀ ਹੈ? ਲਿੰਗ ਸਮਾਨਤਾ ਨੂੰ ਸਵੀਕਾਰ ਕਰਦੇ ਹੋਏ, ਅੱਜਕੱਲ੍ਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਪਰਿਵਾਰਾਂ ਨੇ ‘ਕੰਨਿਆ ਲੋਹੜੀ’ ਮਨਾਉਣੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਕੁੜੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ।

ਲੋਹੜੀ ਤੋਂ ਇਕ ਰਾਤ ਕਿ ਹੁੰਦਾ

ਕਈ ਥਾਵਾਂ ‘ਤੇ, ਲੋਹੜੀ ਦੀ ਰਾਤ ਨੂੰ ਗੰਨੇ ਦੇ ਰਸ ਤੋਂ ਖੀਰ ਬਣਾਈ ਜਾਂਦੀ ਹੈ ਅਤੇ ਅਗਲੇ ਦਿਨ ਮਾਘੀ ਵਾਲੇ ਦਿਨ ਖਾਧੀ ਜਾਂਦੀ ਹੈ, ਜਿਸ ਲਈ ਇਸਨੂੰ ‘ਪੋਹ ਰਿੱਧੀ ਮਾਘ ਖਾਧੀ’ ਵੀ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ‘ਪੋਹ (ਪੌਸ਼) ਮਹੀਨੇ ਵਿੱਚ ਬਣਾਈ ਜਾਂਦੀ ਹੈ ਅਤੇ ਮਾਘ ਮਹੀਨੇ ਵਿੱਚ ਖਾਧੀ ਜਾਂਦੀ ਹੈ’।

ਲੋਹੜੀ ਨਾਲ ਜੁੜੀ ਇੱਕ ਹੋਰ ਕਥਾ ਦੇ ਅਨੁਸਾਰ, ਸਾਡੇ ਪੁਰਖਿਆਂ ਨੇ ਸੂਰਜ ਦੇਵਤਾ ਨੂੰ ਬੁਲਾਉਣ ਲਈ ਇੱਕ ਪਵਿੱਤਰ ਮੰਤਰ ਬਣਾਇਆ, ਤਾਂ ਜੋ ਉਹ ਉਨ੍ਹਾਂ ਨੂੰ ਇੰਨੀ ਗਰਮੀ ਭੇਜੇ ਕਿ ਸਰਦੀਆਂ ਦੀ ਠੰਡ ਉਨ੍ਹਾਂ ਨੂੰ ਪ੍ਰਭਾਵਿਤ ਨਾ ਕਰੇ। ਸਾਡੇ ਪੁਰਖਿਆਂ ਨੇ ਸੂਰਜ ਦੇਵਤਾ ਦਾ ਧੰਨਵਾਦ ਕਰਨ ਲਈ ਪੋਹ ਦੇ ਆਖਰੀ ਦਿਨ ਅੱਗ ਦੇ ਦੁਆਲੇ ਇਸ ਮੰਤਰ ਦਾ ਜਾਪ ਕੀਤਾ ਸੀ।

ਉਨ੍ਹਾਂ ਦਾ ਮੰਨਣਾ ਸੀ ਕਿ ਲਾਟਾਂ ਸੂਰਜ ਤੱਕ ਆਪਣਾ ਸੁਨੇਹਾ ਲੈ ਕੇ ਜਾਂਦੀਆਂ ਹਨ ਅਤੇ ਇਸੇ ਲਈ ਲੋਹੜੀ ਤੋਂ ਬਾਅਦ ਸਵੇਰੇ, ਜੋ ਕਿ ਨਵੇਂ ਮਹੀਨੇ ਮਾਘ ਦੇ ਪਹਿਲੇ ਦਿਨ ਹੁੰਦਾ ਹੈ, ਸੂਰਜ ਦੀਆਂ ਕਿਰਨਾਂ ਅਚਾਨਕ ਗਰਮ ਹੋ ਜਾਂਦੀਆਂ ਹਨ ਅਤੇ ਠੰਡ ਨੂੰ ਦੂਰ ਕਰ ਦਿੰਦੀਆਂ ਹਨ।

ਲੋਹੜੀ ਦੀ ਰਾਤ ਭੁੱਗਾ ਬਾਲਣ ਦਾ ਰਿਵਾਜ

ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਲੈ ਕੇ ਲੋਹੜੀ ਵਾਲ਼ੇ ਘਰ ਦੇ ਖੁੱਲ੍ਹੇ ਵਿਹੜੇ ‘ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਉਸਨੂੰ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ ‘ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱੱਚ ਤਿਲ ,ਰਿਉੜੀਆਂ, ਮੂੰਗਫਲੀ ਸੁੱਟ ਕੇ ਬੋਲਦੇ ਹਨ –

ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਾਂ

ਲੋਹੜੀਏ ਵਿਚਾਰੀਏ, ਭਰੀ ਆਵੀ ਤੇ ਸੱਖਣੀ ਜਾਵੀ।
ਅੱਗ ਵਿਚ ਤਿੱਲ ਸੁੱਟਦੇ ਸਮੇਂ ਇਹ ਧਾਰਨਾ ਵੀ ਰੱਖੀ ਜਾਂਦੀ ਹੈ ਕਿ ਜਿੰਨੇ ਤਿਲ ਜਠਾਣੀ ਭੁੱਗੇ ਵਿਚ ਸੁੱਟੇਗੀ, ਉਨ੍ਹੇ ਹੀ ਦਰਾਣੀ ਮੁੰਡੇ ਜੰਮੇਗੀ।

ਪਕਵਾਨ ਬਣਾਉਣ ਦਾ ਰਿਵਾਜ

ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਖਜੂਰਾਂ, ਰੌਅ ਦੀ ਖੀਰ(ਗੰਨੇ ਦੇ ਰਸ ਨੂੰ ਰੌਅ ਕਹਿੰਦੇ ਹਨ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਇਸੇ ਲਈ ਇਸਨੂੰ ਆਖਦੇ ਹਨ –

ਪੋਹ ਰ੍ਹਿੰਨੀ ਮਾਘ ਖਾਧੀ

ਪਰ ਦੱਸ ਦੇਈਏ ਕਿ ਅੱਜਕਲ੍ਹ ਇਹ ਲੋਹੜੀ ਦਾ ਤਿਉਹਾਰ ਸਿਰਫ ਸਕੂਲਾਂ ਕਾਲਜਾਂ ਦੇ ਮੰਚਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਈ ਵਿਦਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ। ਕੰਪਿਊਟਰੀਕਰਨ ਦੇ ਇਸ ਯੁੱਗ ਵਿਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਪਿੱਛੇ ਛੱਡਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਧੀ ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੋਬਾ ਕਰਨੀ ਹੋਵੇਗੀ ਤਾਂ ਹੀ ਲੋਹੜੀ ਵਰਗੇ ਤਿਉਹਾਰ ਮਨਾਉਣੇ ਸਭ ਲਈ ਸਾਰਥਕ ਹੋਣਗੇ। ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾਉਂਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ।

ਕੀ 2024 ਦੀ ਲੋਹੜੀ 13 ਹੈ ਜਾਂ 14?

19ਵੀਂ ਸਦੀ ਦੇ ਅਖੀਰ ਵਿੱਚ, ਲੋਹੜੀ 11 ਜਨਵਰੀ ਨੂੰ ਪੈਂਦੀ ਸੀ। 20ਵੀਂ ਸਦੀ ਦੇ ਮੱਧ ਵਿੱਚ, ਇਹ ਤਿਉਹਾਰ 12 ਜਨਵਰੀ ਜਾਂ 13 ਜਨਵਰੀ ਨੂੰ ਮਨਾਇਆ ਜਾਂਦਾ ਸੀ। 21ਵੀਂ ਸਦੀ ਵਿੱਚ, ਲੋਹੜੀ ਆਮ ਤੌਰ ‘ਤੇ 13 ਜਾਂ 14 ਜਨਵਰੀ ਨੂੰ ਪੈਂਦੀ ਹੈ। ਸਾਲ 2024 ਵਿੱਚ ਲੋਹੜੀ 14 ਜਨਵਰੀ ਨੂੰ ਪਵੇਗੀ ਕਿਉਂਕਿ ਮਾਘੀ 15 ਜਨਵਰੀ ਨੂੰ ਪਵੇਗੀ।

read more:  ਕਿਸ ਦਿਨ ਮਨਾਈ ਜਾਵੇਗੀ ਲੋਹੜੀ, ਜਾਣੋ ਵੇਰਵਾ

Scroll to Top