ਚੰਡੀਗੜ, 16 ਨਵੰਬਰ 2024: ਹਰਿਆਣਾ ਸਰਕਾਰ (Haryana government) ਨੇ ਹਰਿਆਣਾ ਉਦੈ ਅਭਿਆਨ ਦੇ ਤਹਿਤ ਇਕ ਨਵੀਂ ਯੋਜਨਾ ਹਰਿਆਣਾ ਮਹਿਲਾ ਵਿਕਾਸ ਦੇ ਮਾਧਿਅਮ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ‘ਚ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਸੁਧਾਰਨ ਲਈ ਉੱਦਮਤਾ ਲਈ ਹਰਿਆਣਾ ਮਾਤ ਸ਼ਕਤੀ ਸਬਸਿਡੀ ਯੋਜਨਾ ਲਾਗੂ ਕਰ ਦਿੱਤੀ ਹੈ।
ਹਰਿਆਣਾ ਸਰਕਾਰ (Haryana government) ਦੀ ਇਸ ਸਕੀਮ ਤਹਿਤ ਆਟੋ ਰਿਕਸ਼ਾ, ਟੈਕਸੀ, ਸੈਲੂਨ, ਬਿਊਟੀ ਪਾਰਲਰ, ਟੇਲਰਿੰਗ, ਬੁਟੀਕ, ਫੋਟੋਕਾਪੀ ਦੀ ਦੁਕਾਨ, ਪਾਪੜ ਮੇਕਿੰਗ, ਅਚਾਰ ਮੇਕਿੰਗ, ਕਨਫੈਕਸ਼ਨਰੀ ਸ਼ਾਪ, ਫੂਡ ਸਟਾਲ, ਆਈਸਕ੍ਰੀਮ ਮੇਕਿੰਗ ਯੂਨਿਟ, ਬਿਸਕੁਟ ਮੇਕਿੰਗ, ਹੈਂਡ ਲੂਮ, ਬੈਗ ਮੇਕਿੰਗ, ਕੰਟੀਨ ਆਦਿ ਲਈ ਸ਼ੁਰੂ ਕੀਤੀ ਹੈ |
ਸਕੀਮ ਦੀ ਲੋਨ ਪ੍ਰਕਿਰਿਆ ਮੁਤਾਬਕ ਲਾਭਪਾਤਰੀ ਨੂੰ ਸਮੇਂ ਸਿਰ ਅਦਾਇਗੀ ਕਰਨ ਦੇ ਮਾਮਲੇ ‘ਚ ਹਰਿਆਣਾ ਮਹਿਲਾ ਵਿਕਾਸ ਨਿਗਮ ਬੈਂਕਾਂ ਦੁਆਰਾ ਚਾਰਜ ਕੀਤੀ ਪ੍ਰਚਲਿਤ ਵਿਆਜ ਦਰ ‘ਤੇ ਤਿੰਨ ਸਾਲਾਂ ਲਈ 7 ਪ੍ਰਤੀਸ਼ਤ ਵਿਆਜ ਸਬਸਿਡੀ ਪ੍ਰਦਾਨ ਕਰੇਗਾ। ਅਧਿਕਤਮ ਲੋਨ ਸੀਮਾ 5 ਲੱਖ ਰੁਪਏ ਤੱਕ ਹੈ। ਕਰਜ਼ੇ ਦੀ ਵੰਡ ਤੋਂ ਬਾਅਦ ਮੋਰਟੋਰੀਅਮ ਦੀ ਮਿਆਦ ਤਿੰਨ ਮਹੀਨੇ ਹੋਵੇਗੀ।
ਲਾਭਪਾਤਰੀਆਂ ਦੀ ਯੋਗਤਾ :-
ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਸਿਰਫ਼ ਹਰਿਆਣਾ ਦੀਆਂ ਮੂਲ ਨਿਵਾਸੀ ਔਰਤਾਂ ਜਿਨ੍ਹਾਂ ਦੀ ਪਰਿਵਾਰਕ ਪਛਾਣ ਪੱਤਰ ਅਨੁਸਾਰ ਆਮਦਨ 5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਸਕੀਮ ਲਈ ਲਾਭ ਯੋਗ ਹੋਣਗੇ ।
ਇਸ ਤੋਂ ਇਲਾਵਾ, ਈਐਮਆਈ ਦੇ ਭੁਗਤਾਨ ‘ਚ ਡਿਫਾਲਟ ਹੋਣ ਦੀ ਸਥਿਤੀ ਵਿੱਚ ਦੇਰੀ ‘ਤੇ ਇਕੱਠੇ ਹੋਣ ਵਾਲੇ ਵਿਆਜ ਲਈ ਕੋਈ ਸਬਸਿਡੀ ਨਹੀਂ ਦਿੱਤੀ ਜਾਵੇਗੀ। ਹਰਿਆਣਾ ਮਹਿਲਾ ਵਿਕਾਸ ਨਿਗਮ ਲਾਭਪਾਤਰੀਆਂ ਨੂੰ 36 ਮਹੀਨਿਆਂ ਲਈ 7 ਫੀਸਦੀ ਵਿਆਜ ਸਬਸਿਡੀ ਦੇਵੇਗਾ।
ਲੋਨ ਲਈ ਅਰਜ਼ੀ ਦੇਣ ਸਮੇਂ ਲਾਭਪਾਤਰੀ ਦੀ ਉਮਰ 18-60 ਸਾਲ ਹੋਣੀ ਚਾਹੀਦੀ ਹੈ। ਸਕੀਮ ਅਧੀਨ ਲੋਨ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ‘ਚ ਅਰਜ਼ੀ ਫਾਰਮ, ਰਾਸ਼ਨ ਕਾਰਡ/ਪਰਿਵਾਰਕ ਪਛਾਣ ਪੱਤਰ, ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਰਿਹਾਇਸ਼ੀ ਸਰਟੀਫਿਕੇਟ, ਪ੍ਰੋਜੈਕਟ ਰਿਪੋਰਟ, ਸਿਖਲਾਈ ਸਰਟੀਫਿਕੇਟ/ਅਨੁਭਵ ਸਰਟੀਫਿਕੇਟ ਸ਼ਾਮਲ ਹਨ।