July 7, 2024 12:21 pm
ਅਧਿਆਪਕਾਂ

ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਵਾਸਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੀ ਸੂਚੀ

ਚੰਡੀਗੜ੍ਹ, 25 ਜਨਵਰੀ 2023: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਵੱਲੋਂ ਨਿਵੇਕਲੀ ਪਿਰਤ ਕਾਇਮ ਕਰਦਿਆਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੂਬੇ ਦੇ 50 ਤੋਂ ਵੀ ਜ਼ਿਆਦਾ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਭਲਕੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹਾਂ ਤੇ ਸਨਮਾਨਿਤ ਕਰਨ ਵਾਸਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੂਚੀ ਭੇਜ ਕੇ ਉਹਨਾਂ ਨੂੰ ਸਨਮਾਨ ਦੇਣ ਲਈ ਕਿਹਾ ਹੈ।

ਸ. ਬੈਂਸ ਨੇ ਕਿਹਾ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੈ ਅਤੇ ਇਸ ਵਰਗ ਦਾ ਸਨਮਾਨ ਕਰਨਾ ਸਰਕਾਰ ਅਤੇ ਸਮਾਜ ਦਾ ਮੁੱਢਲਾ ਫ਼ਰਜ਼ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਵਿਲੱਖਣ ਕੰਮ ਕਰਕੇ ਮਹਿਕਮੇ ਦਾ ਨਾਂਅ ਰੌਸ਼ਨ ਕਰਨ ਅਧਿਆਪਕਾਂ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਡਿਪਟੀ ਕਮਿਸ਼ਨਰਾਂ ਨੂੰ ਸਨਮਾਨਿਤ ਕਰਨ ਬਾਰੇ ਕਿਹਾ।

ਸ. ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਭਵਿੱਖ ਵਿੱਚ ਆਜ਼ਾਦੀ ਅਤੇ ਗਣਤੰਤਰ ਦਿਹਾੜਿਆਂ ਤੇ ਸਨਮਾਨਿਤ ਕਰਨ ਦੀ ਪ੍ਰਥਾ ਕਾਇਮ ਰਹੇਗੀ ਅਤੇ ਇਹ ਲਿਸਟਾਂ ਉਹ ਖੁਦ ਤਿਆਰ ਕਰਕੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਕਰਨਗੇ।

ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਫੀਲਡ ਵਿਜਿਟ ਦੌਰਾਨ ਅਧਿਆਪਕਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ ਅਤੇ ਕਿਸੇ ਦੇ ਵੀ ਸਨਮਾਨ ਨੂੰ ਠੇਸ ਨਾਂ ਪਹੁੰਚਾਈ ਜਾਵੇ।ਸ. ਬੈਂਸ ਨੇ ਕਿਹਾ ਕਿ ਮਜ਼ਬੂਤ ਸਮਾਜ ਦੀ ਸਿਰਜਨਾ ਵਿੱਚ ਸਭ ਤੋਂ ਵੱਡਾ ਰੋਲ ਅਧਿਆਪਕ ਦਾ ਹੀ ਹੈ ਅਤੇ ਇਸ ਵਰਗ ਦੇ ਸਨਮਾਨ ਦੀ ਬਹਾਲੀ ਵਾਸਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।