ਚੰਡੀਗੜ੍ਹ, 30 ਜੁਲਾਈ:ਪੰਜਾਬ ਦੇ ਮੁਲਾਜ਼ਮ ਵਰਗ ਦੀਆਂ ਮੰਗਾਂ ਅਤੇ ਉਨ੍ਹਾਂ ਦੇ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਦਾ ਕਹਿਣਾ ਹੈ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਮੁਲਾਜ਼ਮ ਵਰਗ ਦਾ ਸ਼ੋਸ਼ਣ ਕਰਕੇ ਸਰਕਾਰ ਦੀ ਰੀੜ੍ਹ ਦੀ ਹੱਡੀ ਨੂੰ ਹੀ ਤੋੜ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਮੁਲਾਜ਼ਮ ਵਰਗ ਦੀਆਂ ਮੰਗਾਂ ਅਤੇ ਸਿੱਖਿਆ ਦੇ ਵਿਕਾਸ ਨੂੰ ਤਰਜ਼ੀਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਮੁਲਾਜ਼ਮਾਂ ਤੋਂ ਬਿਨਾਂ ਕੁੱਝ ਵੀ ਨਹੀਂ ਕਰ ਸਕਦੀ ਅਤੇ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਧਰੀਆਂ ਧਰਾਈਆਂ ਹੀ ਰਹਿ ਜਾਂਦੀਆਂ ਹਨ।
ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਦੋਸ਼ ਲਾਇਆ ਕਿ ਸੱਤਾਧਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਮੁਲਾਜ਼ਮ ਵਰਗ ਦੇ ਹੱਕਾਂ ‘ਤੇ ਹਮੇਸਾ ਡਾਕਾ ਮਾਰਿਆ ਹੈ ਅਤੇ ਸ਼ੋਸ਼ਣ ਕੀਤਾ ਹੈ। ਜਦੋਂ ਵੀ ਮੁਲਾਜ਼ਮ ਵਰਗ ਆਪਣੀਆਂ ਮੰਗਾਂ ਲਈ ਮਜਬੂਰ ਹੋ ਕੇ ਸੜਕਾਂ ‘ਤੇ ਆਉਂਦਾ ਹੈ ਤਾਂ ਸਰਕਾਰ ਮੁਲਾਜ਼ਮਾਂ ‘ਤੇ ਜ਼ੁਲਮ ਕਰਦੀ ਹੈ। ਸਰਕਾਰੀ ਤੰਤਰ ਔਰਤ ਮੁਲਾਜ਼ਮਾਂ-ਪੈਨਸਰਾਂ ਨਾਲ ਵੀ ਗਾਲ਼ੀ ਗਲੋਚ ਤੇ ਖਿੱਚਧੂਹ ਕਰਦਾ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਫ਼ੈਸਲਿਆਂ ਤੋਂ ਪਹਿਲਾਂ ਹੀ ਮੁਲਾਜ਼ਮ ਵਰਗ ਦੁਖੀ ਹੈ, ਪਰ ਸਰਕਾਰ ਮੋਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਲਾਗੂ ਕਰਕੇ ਮੁਲਾਜ਼ਮ ਵਰਗ ਦੇ ਹੱਕਾਂ ‘ਤੇ ਹੋਰ ਡਾਕਾ ਮਾਰਨ ਜਾ ਰਹੀ ਹੈ। ਇਹ ਕਮੇਟੀ ਬਣਾਈ ਭਾਵੇਂ ਕੈਪਟਨ ਨੇ ਸੀ, ਪਰ ਇਸ ਨੇ ਕੰਮ ਮੋਦੀ ਸਰਕਾਰ ਵਾਲੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਨਖ਼ਾਹ ਕਮਿਸ਼ਨ, ਡੀ.ਏ, ਕੱਚੇ ਮੁਲਾਜ਼ਮ ਪੱਕੇ ਕਰਨ, ਪੈਨਸ਼ਨ ਸਕੀਮ ਅਤੇ ਨਵੀਂ ਭਰਤੀ ਜਿਹੇ ਮੁੱਦਿਆਂ ‘ਤੇ ਮੁਲਾਜ਼ਮ ਵਰਗ ਨਾਲ ਠੱਗੀਆਂ ਮਾਰ ਰਹੀ ਹੈ। ਇਸ ਕਾਰਨ ਪੰਜਾਬ ਸਕੱਤਰੇਤ ਤੋਂ ਲੈ ਕੇ ਪਿੰਡ ਤੱਕ ਦੇ ਮੁਲਾਜ਼ਮ ਡਾਕਟਰ, ਅਧਿਆਪਕ, ਆਸ਼ਾ ਤੇ ਆਂਗਣਵਾੜੀ ਵਰਕਰ, ਡਰਾਇਵਰ-ਕੰਡੈਕਟਰ, ਨਰਸਾਂ, ਕਲਰਕ, ਸੇਵਾਦਾਰ ਆਦਿ ਸਭ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਰਾਖੀ ਲਈ ਸੰਘਰਸ਼ ਕਰ ਰਹੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।
ਮਾਸਟਰ ਬਲਦੇਵ ਸਿੰਘ ਨੇ ਕਿਹਾ ਨੇ ਦੋਸ ਲਗਾਇਆ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰ ਨੂੰ ਕਾਰਪੋਰੇਟ ਘਰਾਣੇ ਦੀ ਤਰ੍ਹਾਂ ਚਲਾ ਰਹੇ ਹਨ। ਨਿੱਜੀਕਰਨ ਨੀਤੀ ਅਤੇ ਮਾਫ਼ੀਆ ਦੀ ਥਾਪੜੀ ਜਾ ਰਹੀ ਹੈ, ਪ੍ਰੰਤੂ ਮੁਲਾਜ਼ਮਾਂ ਪੈਨਸਨਰਾਂ ਅਤੇ ਰੁਜਗਾਰ ਮੰਗ ਰਹੇ ਬੇਰੁਜਗਾਰਾਂ ਉੱਤੇ ਜੁਲਮ ਢਾਹਿਆ ਜਾਵੇ ਰਿਹਾ ਹੈ।’ਆਪ’ ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਸਮੇਂ ਮੁਲਾਜ਼ਮ ਵਰਗ ਦੇ ਨਾਲ ਖੜੀ ਹੈ। ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਮੁਲਜ਼ਮ ਵਰਗ ਦੇ ਮਾਰੇ ਗਏ ਹੱਕਾਂ ਨੂੰ ਬਹਾਲ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੀ ਰੀੜ੍ਹ ਦੀ ਹੱਡੀ ਹੋਰ ਮਜ਼ਬੂਤ ਹੋ ਸਕੇ।