July 4, 2024 5:49 pm
License

ਵਿਕਟਰ ਮੈਰੀਟਾਈਮ ਸਰਵਿਸਿਜ਼ ਫਰਮ ਦਾ ਲਾਇਸੈਂਸ 30 ਦਿਨਾਂ ਲਈ ਮੁਅੱਤਲ

ਐਸ.ਏ.ਐਸ ਨਗਰ, 03 ਮਈ 2024: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਰਾਜ ਸ਼ਿਆਮਕਰਨ ਤਿੜਕੇ ਵੱਲੋ ਵਿਕਟਰ ਮੈਰੀਟਾਈਮ ਸਰਵਿਸਿਜ਼ ਫਰਮ ਐਸ.ਸੀ.ਓ. ਨੰ:103, ਕੈਬਿਨ ਨੰ:4-5-6, ਬੇਸਮੈਂਟ, ਫੇਜ-11. ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ (License) ਤੁਰੰਤ ਪ੍ਰਭਾਵ ਨਾਲ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਕਟਰ ਮੈਰੀਟਾਈਮ ਸਰਵਿਸਿਜ਼ ਫਰਮ ਦੇ ਮਾਲਕ ਜਗਜੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਅਤੇ ਡਾਕਖਾਨਾ ਸਕਤਾ ਖੇੜਾ, ਤਹਿਸੀਲ-ਮੰਡੀ ਡੱਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਹਾਲ ਵਾਸੀ ਪਿੰਡ ਅਤੇ ਡਾਕਖਾਨਾ ਕੁੰਬੜਾ, ਤਹਿਸੀਲ-ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਨੰਬਰ 366/ਆਈ.ਸੀ. ਮਿਤੀ 10 ਦਸੰਬਰ 2019 ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ ਮਿਤੀ 09 ਦਸੰਬਰ 2024 ਤੱਕ ਹੈ।

ਫਰਮ ਨੂੰ ਐਕਟ/ਰੂਲਜ਼ ਵਿੱਚ ਦਰਸਾਏ ਗਏ ਉਪਬੰਧਾਂ ਦੀ ਪਾਲਣਾ ਕਰਨ ਲਈ ਪੱਤਰ ਮਿਤੀ 20-10-2020 ਰਾਹੀਂ ਪਾਬੰਦ ਕੀਤਾ ਗਿਆ ਸੀ। ਲਾਇਸੈਂਸ ਦੀਆਂ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, ਰੂਲਜ਼, ਸੋਧਾਂ, ਅਡਵਾਈਜਰੀ ਮਿਤੀ 14-05-2018 ਦੀ ਮੱਦ ਨੰ:13 ਤਹਿਤ ਮਹੀਨਾਵਾਰ ਰਿਪੋਰਟ, ਉਕਤ ਐਕਟ ਦੀ ਧਾਰਾ 7 ਅਧੀਨ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ/ਸੈਮੀਨਾਰਾਂ ਸਬੰਧੀ ਜਾਣਕਾਰੀ ਇਸ ਦਫਤਰ ਅਤੇ ਛਿਮਾਹੀ ਅਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਉਕਤ ਰਿਪੋਰਟਾਂ ਨਾ ਭੇਜਣ ਦੀ ਸੂਰਤ ਵਿੱਚ ਪੱਤਰ ਮਿਤੀ 08-12-2022 ਰਾਹੀਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ-6 (1)(e) ਦੀ ਉਲੰਘਣਾ ਕਰਨ ਕਰਕੇ ਲਾਇਸੈਂਸੀ ਤੋਂ ਸਪੱਸ਼ਟੀਕਰਨ ਸਮੇਤ ਪੁੱਖਤਾ ਦਸਤਾਵੇਜ਼ ਇਸ ਦਫਤਰ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਲਾਇਸੈਂਸੀ ਦੇ ਦਫਤਰੀ ਪਤੇ ਅਤੇ ਇਸ ਜ਼ਿਲ੍ਹੇ ਦੇ ਰਿਹਾਇਸ਼ੀ ਪਤੇ ਤੇ ਰਜਿਸਟਰਡ ਪੋਸਟ ਅਤੇ ਤਹਿਸੀਲਦਾਰ ਰਾਹੀਂ ਭੇਜਿਆ ਗਿਆ ਸੀ। ਪ੍ਰੰਤੂ ਰਜਿਸਟਰਡ ਪੋਸਟ ਰਾਹੀਂ ਭੇਜੇ ਗਏ ਪੱਤਰ ਅਣਡਲੀਵਰ ਪ੍ਰਾਪਤ ਹੋਏ ਹਨ ਅਤੇ ਤਹਿਸੀਲਦਾਰ ਮੋਹਾਲੀ ਦੀ ਰਿਪੋਰਟ ਅਨੁਸਾਰ ਦਫਤਰ ਬੰਦ ਪਾਇਆ ਗਿਆ।

ਮਹੀਨਾਵਾਰ ਰਿਪੋਰਟ ਨਾ ਭੇਜਣ ਅਤੇ ਦਫਤਰ ਬੰਦ ਹੋਣ ਕਰਕੇ ਲਾਇਸੰਸੀ ਨੂੰ ਪੱਤਰ ਮਿਤੀ 04-10-2023 ਰਾਹੀਂ ਮੁੜ ਨੋਟਿਸ ਜਾਰੀ ਕੀਤਾ ਗਿਆ ਸੀ | ਲਾਇਸੈਂਸੀ (License) ਜਗਜੀਤ ਸਿੰਘ ਵੱਲੋਂ ਈਮੇਲ ਦਰਖਾਸਤ ਮਿਤੀ 01-01-2024 ਰਾਹੀਂ ਲਿਖਿਆ ਗਿਆ ਹੈ ਕਿ ਉਸ ਨੂੰ ਲਾਇਸੰਸ ਸਾਲ 2019 ਦੇ ਅੰਤ ਵਿੱਚ ਮਿਲਿਆ ਸੀ। ਪਰ ਸਾਲ 2020 ਵਿੱਚ ਕਰੋਨਾ ਵਾਇਰਸ ਲੌਕਡਾਊਨ ਕਾਰਨ ਕੰਮ ਬੰਦ ਹੋ ਗਿਆ ਅਤੇ ਨੁਕਸਾਨ ਹੋਇਆ ਜਿਸ ਕਰਕੇ ਉਸ ਵੱਲੋਂ ਦਫ਼ਤਰ ਬੰਦ ਕਰ ਦਿੱਤਾ ਸੀ। ਹੁਣ ਉਹ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ। ਉਹ ਮੁੰਬਈ ਵਿੱਚ ਰਹਿ ਰਿਹਾ ਹੈ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਮਿਤੀ 16-01-2024 ਰਾਹੀਂ ਲਾਇਸੰਸੀ ਨੂੰ ਲਿਖਿਆ ਸੀ ਕਿ ਹਲਫੀਆ ਬਿਆਨ, ਮਹੀਨਾਵਾਰ ਰਿਪੋਰਟ ਅਤੇ ਅਸਲ ਲਾਇਸੰਸ ਦੀ ਕਾਪੀ ਭੇਜੀ ਜਾਵੇ।

ਲਾਇਸੈਂਸੀ ਜਗਜੀਤ ਸਿੰਘ ਨੇ ਈਮੇਲ ਦਰਖਾਸਤ ਮਿਤੀ 14-02-2024 ਰਾਹੀਂ ਲਿਖਿਆ ਹੈ ਕਿ ਉਹ ਪਿਛਲੇ 3 ਸਾਲਾਂ ਤੋਂ ਮੁੰਬਈ ਵਿੱਚ ਰਹਿ ਰਿਹਾ ਹੈ। ਉਹ ਕਿਸੇ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਣ ਕਰਕੇ ਜਦੋਂ ਉਹ ਪੰਜਾਬ ਆਉਂਦਾ ਹੈ ਤਾਂ ਉਹ ਲਾਇਸੰਸ ਦੀ ਕਾਪੀ ਅਤੇ ਦਰਖਾਸਤ ਜਮ੍ਹਾਂ ਕਰੇਗਾ। ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਕੋਈ ਦਰਖਾਸਤ/ਸੂਚਨਾ ਪੇਸ਼ ਨਹੀਂ ਕੀਤੀ ਗਈ।

ਇਸ ਤਰਾਂ ਫਰਮ ਦੇ ਮਾਲਕ ਵੱਲੋਂ ਐਕਟ/ਰੂਲਜ਼/ਐਡਵਾਈਜਰੀ ਅਧੀਨ ਕੀਤੇ ਜਾ ਰਹੇ ਕੰਮ ਸਬੰਧੀ ਕਲਾਇੰਟਾਂ/ਇਸ਼ਤਿਹਾਰ/ਸੈਮੀਨਾਰ ਆਦਿ ਬਾਰੇ ਸੂਚਨਾ ਨਾ ਭੇਜਣ, ਦਫਤਰ ਬੰਦ ਹੋਣ ਕਾਰਣ ਅਤੇ ਉਕਤ ਦਰਸਾਈ ਗਈ ਸਥਿਤੀ ਅਨੁਸਾਰ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾ ਰਹੀ ਹੈ। ਇਸ ਲਈ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਤਹਿਤ ਮਿਲੀਆ ਸਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਵਿਕਟਰ ਮੈਰੀਟਾਈਮ ਸਰਵਿਸਿਜ਼, ਨੂੰ ਜਾਰੀ ਲਾਇਸੈਂਸ ਨੰਬਰ 366/ਆਈ.ਸੀ.ਮਿਤੀ 10-12-2019 ਤੁਰੰਤ ਪ੍ਰਭਾਵ ਤੋਂ ਮਿਤੀ 29.04.2024 ਤੋਂ ਅਗਲੇਰੇ 30 ਦਿਨਾਂ ਲਈ ਮੁਅੱਤਲ ਕੀਤਾ ਜਾਂਦਾ ਹੈ।

ਲਾਇਸੈਂਸੀ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ, ਕਿ ਉਕਤ ਲਾਇਸੰਸ ਅਧੀਨ ਕੀਤਾ ਜਾ ਰਿਹਾ ਕੰਮ ਮੁਅੱਤਲੀ ਦੌਰਾਨ ਤੁਰੰਤ ਬੰਦ ਕੀਤਾ ਜਾਵੇ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਤਹਿਤ ਲਾਇਸੈਂਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।