July 2, 2024 8:37 pm
ਆਪ

ਸਰਪੰਚਾਂ-ਪੰਚਾਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ‘ਆਪ’ ‘ਚ ਹੋ ਰਹੇ ਹਨ ਸ਼ਾਮਲ, ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤਾਂਗੇ: ਹਰਪਾਲ ਚੀਮਾ

ਜਲੰਧਰ, 25 ਅਪ੍ਰੈਲ 2023: ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਸਭ ਤੋਂ ਮਜ਼ਬੂਤ ​​ਫਰੰਟ ਹੈ ਕਿਉਂਕਿ ਇਹ ਇਲਾਕੇ ਦੇ ਸਾਰੇ ਸਥਾਨਕ ਆਗੂਆਂ ਜਿਨ੍ਹਾਂ ਵਿੱਚ ਸਰਪੰਚ-ਪੰਚ, ਬਲਾਕ ਸੰਮਤੀ ਮੈਂਬਰਾਂ ਸਮੇਤ ਸਮੂਹ ਸਮਾਜਿਕ ਅਤੇ ਸਿਆਸੀ ਆਗੂਆਂ ਦੀ ਪਹਿਲੀ ਪਸੰਦ ਹੈ ਜੋਕਿ ਚੋਣਾਂ ਤੋਂ ਪਹਿਲਾਂ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਮੰਗਲਵਾਰ ਨੂੰ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਅਤੇ ਵੱਡੇ ਪਿੰਡ  ਸਾਬਕਾ ਸਰਪੰਚ ਅਤੇ ਸੀਪੀਐਮ ਆਗੂ ਮੇਲਾ ਸਿੰਘ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੋਵਾਂ ਆਗੂਆਂ ਦੀ ਦੁਆਬੇ ਦੇ ਲੋਕਾਂ ਵਿੱਚ ਮਜ਼ਬੂਤ ​​ਪਕੜ ਹੈ ਅਤੇ ਜਲੰਧਰ ਦੇ ਹਰ ਭਾਈਚਾਰੇ ਦੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਸੀਐੱਮ ਭਗਵੰਤ ਮਾਨ ਦੀ ਤਰਫ਼ੋਂ ਹਰਪਾਲ ਸਿੰਘ ਚੀਮਾ ਨੇ ਦੋਵਾਂ ਆਗੂਆਂ ਦਾ ‘ਆਪ’ ਪਰਿਵਾਰ ‘ਚ ਸ਼ਾਮਿਲ ਹੋਣ ‘ਤੇ ਰਸਮੀ ਤੌਰ ‘ਤੇ ਸਵਾਗਤ ਕੀਤਾ। ਚੀਮਾ ਦੇ ਨਾਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

ਰਛਪਾਲ ਸਿੰਘ ਰਾਜੂ ਅਤੇ ਮੇਲਾ ਸਿੰਘ ਤੋਂ ਇਲਾਵਾ ਸੁੱਚਾ ਸਿੰਘ ਮਾਨ, ਅਮਰੀਕ ਸਿੰਘ ਨਿੱਝਰ, ਮੋਹਨ ਲਾਲ ਰਾਮਗੜ੍ਹੀਆ, ਹਰਭਜਨ ਸਿੰਘ ਕਲੇਰ, ਦਲਵੀਰ ਸਿੰਘ ਰਾਜੂ, ਕੁਲਦੀਪ ਸਿੰਘ, ਸੁਭਾਸ਼ ਚੰਦਰ, ਸੁਰਜੀਤ ਸਿੰਘ, ਸੁਨੀਲ ਕੁਮਾਰ, ਹਰਮੇਸ਼ ਲਾਲ, ਧਰਮਪਾਲ ਗੋਲਾ, ਦਵਿੰਦਰ ਗੜ੍ਹਸ਼ੰਕਰ, ਗੁਰਦੀਪ ਗਾਸੋ, ਸਾਹਿਲ ਗੰਗੜ, ਬੌਬੀ ਸ਼ਾਹ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਦੀਪਕ ਗੜ੍ਹਸ਼ੰਕਰ, ਬੱਬੀ ਜਲੰਧਰ ਅਤੇ ਅਜੇ ਪ੍ਰਤਾਪ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ਉਪ ਚੋਣ ਵਿੱਚ ਵੱਡੀ ਜਿੱਤ ਦਰਜ ਕਰਨਗੇ। ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਪਰਿਵਾਰ ਪੰਜਾਬ ‘ਚ ਹੀ ਨਹੀਂ ਸਗੋਂ ਪੂਰੇ ਭਾਰਤ ‘ਚ ਫੈਲ ਰਿਹਾ ਹੈ ਕਿਉਂਕਿ ਲੋਕ ਭਾਜਪਾ ਨੂੰ ਇਸ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੰਮਾਂ ਲਈ ਨਕਾਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਵਿਰੋਧੀ ਪਾਰਟੀਆਂ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਹੁਣ ਜਨਤਾ ਜਾਣ ਚੁੱਕੀ ਹੈ ਕਿ ਇਸ ਨਾਲ ਸਾਡੇ ਲੋਕਤੰਤਰ ਨੂੰ ਖਤਰਾ ਹੈ, ਇਸ ਲਈ ਉਹ ਇਸ ਉਪ ਚੋਣ ਰਾਹੀਂ ਭਾਜਪਾ ਨੂੰ ਵੀ ਸਬਕ ਸਿਖਾਉਣਗੇ।

ਇਸੇ ਤਰ੍ਹਾਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ, ਰੁਜ਼ਗਾਰ, ਚੰਗੇ ਸਕੂਲ, ਮੁਹੱਲਾ ਕਲੀਨਿਕ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਦੇ ਵਾਅਦੇ ਪੂਰੇ ਕੀਤੇ ਹਨ। ਮਾਨ ਸਰਕਾਰ ਦੀ ਪਿਛਲੇ ਇੱਕ ਸਾਲ ਦੀ ਕਾਰਗੁਜ਼ਾਰੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ ਅਤੇ ਇਸ ਜ਼ਿਮਨੀ ਚੋਣ ‘ਚ ਲੋਕ ਪੂਰੇ ਦਿਲ ਨਾਲ ‘ਆਪ’ ਨੂੰ ਵੋਟ ਕਰਦਿਆਂ ਪਾਰਟੀ ਨੂੰ ਉਨ੍ਹਾਂ ਦੇ ‘ਕੰਮ ਦੀ ਰਾਜਨੀਤੀ’ ਦਾ ਫਲ ਜ਼ਰੂਰ ਦੇਣਗੇ।