Sachin thapan

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਨੇ ਕੀਤੇ ਵੱਡੇ ਖ਼ੁਲਾਸੇ

ਚੰਡੀਗੜ੍ਹ, 05 ਅਗਸਤ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਫਸੇ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ (Sachin) ਨੇ ਹੁਣ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਨੇ ਦੱਸਿਆ ਕਿ ਇਹ ਸਾਰੀ ਯੋਜਨਾ ਤਿਹਾੜ ਜੇਲ੍ਹ ਤੋਂ ਸ਼ੁਰੂ ਹੋਈ ਸੀ। ਇਸ ਪਲਾਨਿੰਗ ‘ਚ ਲਾਰੈਂਸ ਨੇ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੂੰ ਸ਼ਾਮਲ ਕੀਤਾ ਸੀ। ਇਸੇ ਕਰਕੇ ਅਨਮੋਲ ਅਤੇ ਸਚਿਨ ਨੂੰ ਪੁਲਿਸ ਤੋਂ ਬਚਾਉਣ ਲਈ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਗਿਆ ਸੀ।

ਮੀਡਿਆ ਖਬਰਾਂ ਮੁਤਾਬਕ ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਉਸ ਨੂੰ ਫੋਨ ਕਰਕੇ ਅਨਮੋਲ ਅਤੇ ਗੋਲਡੀ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਸ ਨੂੰ ਕਿਹਾ ਗਿਆ ਕਿ ਉਹ ਵਿਦੇਸ਼ ਚਲ ਜਾਵੇ, ਇੱਥੇ ਵੱਡਾ ਕਾਂਡ ਹੋਣ ਵਾਲਾ ਹੈ। ਇਹ ਆਰਡਰ ਮਿਲਣ ਤੋਂ ਬਾਅਦ ਉਸ ਦਾ ਫਰਜ਼ੀ ਪਾਸਪੋਰਟ ਬਣਾ ਕੇ ਉਸ ਨੂੰ ਦੁਬਈ ਭੇਜ ਦਿੱਤਾ ਗਿਆ। ਜਿੱਥੇ ਉਹ ਬਦਮਾਸ਼ ਵਿਕਰਮ ਬਰਾੜ ਦੇ ਸੰਪਰਕ ਵਿੱਚ ਆਇਆ। ਦੁਬਈ ਜਾਣ ਤੋਂ ਪਹਿਲਾਂ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦਾ ਕੰਮ ਕਰਨਾ ਹੈ ਅਤੇ ਅਨਮੋਲ ਅਤੇ ਗੋਲਡੀ ਬਰਾੜ ਨਾਲ ਸੰਪਰਕ ਰੱਖਣਾ ਹੈ |

ਦੱਸਿਆ ਆ ਰਿਹਾ ਹੈ ਕਿ ਸਚਿਨ (Sachin) ਨੇ ਦਿੱਲੀ ਸਪੈਸ਼ਲ ਸੈੱਲ ਦੇ ਸਾਹਮਣੇ ਇਹ ਵੀ ਖੁਲਾਸਾ ਕੀਤਾ ਕਿ ਕਤਲ ਲਈ ਹਥਿਆਰ ਵਿਦੇਸ਼ ਤੋਂ ਆਏ ਸਨ। ਉਸ ਨੂੰ ਹਥਿਆਰਾਂ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ। ਗੋਲਡੀ ਬਰਾੜ ਦੇ ਕਹਿਣ ‘ਤੇ ਸਚਿਨ ਨੇ ਇਕ ਦਿਨ ਲਈ ਹਥਿਆਰ ਆਪਣੇ ਕੋਲ ਰੱਖੇ ਹੋਏ ਸਨ। ਗੋਲਡੀ ਬਰਾੜ ਦੇ ਖਾਸ ਬੰਦੇ ਨੇ ਉਸ ਨੂੰ ਭਿਵਾਨੀ ‘ਚ ਇਹ ਹਥਿਆਰ ਦਿੱਤੇ ਸੀ।

ਪੁਲਿਸ ਅਧਿਕਾਰੀਆਂ ਮੁਤਾਬਕ ਗੋਲਡੀ ਬਰਾੜ ਨੇ ਸਚਿਨ ਨੂੰ ਗੱਡੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਸਚਿਨ ਨੇ ਵਿਦੇਸ਼ ਭੱਜੇ ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ ਤੋਂ ਪੁੱਛ ਕੇ ਬੋਲੈਰੋ ਕਾਰ ਦਾ ਇੰਤਜ਼ਾਮ ਕੀਤਾ ਸੀ। ਰਾਜਸਥਾਨ ਨੰਬਰ ਵਾਲੀ ਇਹ ਕਾਰ ਸ਼ੂਟਰ ਪ੍ਰਿਅਵਰਤ ਅਤੇ ਉਸ ਦੇ ਸਾਥੀ ਪੰਜਾਬ ਲੈ ਕੇ ਆਏ ਸਨ। ਇਹ ਕਾਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਸੀ।

ਬਦਮਾਸ਼ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਬਦਮਾਸ਼ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ।

Scroll to Top