ਚੰਡੀਗੜ੍ਹ, 18 ਅਪ੍ਰੈਲ 2023: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਐੱਨ.ਆਈ.ਏ. ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦਾ 7 ਦਿਨਾਂ ਦਾ ਰਿਮਾਂਡ ਦਿੱਤਾ ਹੈ, ਇਸ ਦੇ ਨਾਲ ਹੀ ਅਦਾਲਤ ਨੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਨੂੰ ਐਨਆਈਏ ਵੱਲੋਂ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਲਿਆਂਦਾ ਗਿਆ ਸੀ ਅਤੇ ਅੱਜ ਲਾਰੈਂਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਅਦਾਲਤ ਨੇ ਜਾਂਚ ਏਜੰਸੀ ਨੂੰ ਲਾਰੇਂਸ ਬਿਸ਼ਨੋਈ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਰੀ ਅਨੁਸਾਰ ਵਿਸ਼ਨੋਈ (Lawrence Bishnoi) ਖ਼ਿਲਾਫ਼ 2022 ਵਿੱਚ ਦਿੱਲੀ ਵਿੱਚ ਯੂਏਪੀਏ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਐਨ.ਆਈ.ਏ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ। ਸੋਮਵਾਰ ਨੂੰ ਕੇਂਦਰੀ ਜੇਲ੍ਹ ਪਹੁੰਚੀ ਐਨਆਈਏ ਦੀ ਟੀਮ ਗੈਂਗਸਟਰ ਬਿਸ਼ਨੋਈ ਨੂੰ ਜੇਲ੍ਹ ਅਧਿਕਾਰੀਆਂ ਨੂੰ ਪ੍ਰੋਡਕਸ਼ਨ ਵਾਰੰਟ ਦੇਣ ਅਤੇ ਸਾਰੀਆਂ ਜ਼ਰੂਰੀ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਦਿੱਲੀ ਲੈ ਗਈ। ਐਨਆਈਏ ਦੇ ਨਾਲ-ਨਾਲ ਪੰਜਾਬ ਪੁਲਿਸ ਦੀ ਟੀਮ ਵੀ ਵਿਸ਼ਨੋਈ ਨੂੰ ਛੱਡਣ ਲਈ ਦਿੱਲੀ ਗਈ। ਜਿਸ ਵਿੱਚ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ।