ਚੰਡੀਗੜ੍ਹ,18 ਮਈ 2023: ਮੋਦੀ ਸਰਕਾਰ ‘ਚ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਕਿਰੇਨ ਰਿਜਿਜੂ (Kiren Rijiju) ਤੋਂ ਕਾਨੂੰਨ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਅਰਜੁਨ ਰਾਮ ਮੇਘਵਾਲ (Arjun Ram Meghwal) ਨੂੰ ਸੌਂਪ ਦਿੱਤੀ ਗਈ ਹੈ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸਲਾਹ ‘ਤੇ, ਰਾਸ਼ਟਰਪਤੀ ਨੇ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਨੂੰ ਵਿਭਾਗਾਂ ਦੀ ਮੁੜ ਵੰਡ ਕੀਤੀ ਹੈ।
ਰਿਲੀਜ਼ ਮੁਤਾਬਕ ਕਿਰੇਨ ਰਿਜਿਜੂ ਨੂੰ ਹੁਣ ਧਰਤੀ ਵਿਗਿਆਨ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਇਸ ਮੰਤਰਾਲੇ ਨੂੰ ਸੰਭਾਲ ਰਹੇ ਸਨ। ਇਸ ਦੇ ਨਾਲ ਹੀ ਮੇਘਵਾਲ (Arjun Ram Meghwal) ਨੂੰ ਕਾਨੂੰਨ ਰਾਜ ਮੰਤਰੀ ਵਜੋਂ ਸੁਤੰਤਰ ਚਾਰਜ ਦਿੱਤਾ ਗਿਆ ਹੈ। ਮੇਘਵਾਲ ਪਹਿਲਾਂ ਹੀ ਸੱਭਿਆਚਾਰ ਮੰਤਰਾਲੇ ਅਤੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ।