Dr. Subhash Sharma

ਪੰਜਾਬ ‘ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ CM ਭਗਵੰਤ ਮਾਨ: ਡਾ: ਸੁਭਾਸ਼ ਸ਼ਰਮਾ

ਸ੍ਰੀ ਆਨੰਦਪੁਰ ਸਾਹਿਬ 20 ਮਈ 2024: ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ (Dr. Subhash Sharma) ਨੇ ਅੱਜ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਿੱਤਾ । ਚੋਣ ਪ੍ਰਚਾਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੂਰੇ ਸੂਬੇ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਤਲ, ਲੁੱਟਾਂ-ਖੋਹਾਂ, ਜਬਰੀ ਵਸੂਲੀ ਅਤੇ ਗੈਂਗ ਵਾਰ ਹੋ ਰਹੇ ਹਨ। ‘ਆਪ’ ਦੇ ਸੱਤਾ ‘ਚ ਆਉਣ ਤੋਂ ਬਾਅਦ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਸਿੰਘ “ਨੰਗਲ ਅੰਬੀਆਂ” ਦੇ ਕਤਲ ਵਰਗੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜੇਕਰ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਵਾਪਰ ਰਹੀਆਂ ਘਟਨਾਵਾਂ ਸਾਨੂੰ ਇਹ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਅਸੀਂ ਜੰਗਲ ਰਾਜ ਵਿੱਚ ਰਹਿ ਰਹੇ ਹਾਂ। ਇੱਕ ਮਹੀਨਾ ਪਹਿਲਾਂ ਦਿਨ ਦਿਹਾੜੇ ਨੰਗਲ ਵਿੱਚ ਵੀਐਚਪੀ ਆਗੂ ਵਿਕਾਸ ਬੱਗਾ ਦਾ ਕਤਲ ਇਸ ਗੱਲ ਦਾ ਸਬੂਤ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਅਮਨ-ਕਾਨੂੰਨ ਜ਼ੀਰੋ ’ਤੇ ਪਹੁੰਚ ਗਿਆ ਹੈ।

ਉਨ੍ਹਾਂ (Dr. Subhash Sharma) ਕਿਹਾ ਕਿ ਵਿਕਾਸ ਦੇ ਕਤਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਸਭ ਕੁਝ ਪਾਕਿਸਤਾਨ ਦੇ ਇਸ਼ਾਰੇ ‘ਤੇ ਹੋਇਆ ਸੀ ਅਤੇ ਇਸ ਨੂੰ ਪੁਰਤਗਾਲ ਸਥਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਅੰਜ਼ਾਮ ਦਿੱਤਾ ਗਿਆ ਸੀ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਵਿੱਚ ਕਈ ਕਮੀਆਂ ਹਨ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਜ਼ਿਸ਼ਕਰਤਾ ਇਨ੍ਹਾਂ ਕਮੀਆਂ ਦਾ ਫਾਇਦਾ ਉਠਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਘਟਨਾਵਾਂ ‘ਤੇ ਨਕੇਲ ਕੱਸਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਦੇ ਯੂਪੀ ਨੂੰ ਅਪਰਾਧਿਕ ਘਟਨਾਵਾਂ ਲਈ ਬਦਨਾਮ ਮੰਨਿਆ ਜਾਂਦਾ ਸੀ ਪਰ ਅੱਜ ਯੋਗੀ ਸਰਕਾਰ ਨੇ ਉੱਥੇ ਸੁਸ਼ਾਸਨ ਸਥਾਪਿਤ ਕੀਤਾ ਹੈ। ਡਾ: ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਸਿਖਲਾਈ ਲੈਣ ਦਾ ਸੁਝਾਅ ਦਿੱਤਾ।

ਉਨ੍ਹਾਂ ਕਿਹਾ ਕਿ ਪੀਐਮ ਮੋਦੀ ਇਸ ਹਫ਼ਤੇ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੀਆਂ ਰੈਲੀਆਂ ਪੰਜਾਬ ਵਿੱਚ ਸੁਸ਼ਾਸਨ ਦੀ ਨਵੀਂ ਸਵੇਰ ਲੈ ਕੇ ਆਉਣਗੀਆਂ ਅਤੇ ਯੋਗੀ ਅਤੇ ਮੋਦੀ ਦੀ ਜੋੜੀ ਸਮੁੱਚੇ ਪੰਜਾਬੀਆਂ ਵਿੱਚ ਨਵੀਂ ਊਰਜਾ ਭਰੇਗੀ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਦੀ ਦੀਆਂ ਰੈਲੀਆਂ ਦਾ ਹਰ ਪੰਜਾਬੀ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਉਹ ਆਪਣੇ ਹਰਮਨ ਪਿਆਰੇ ਆਗੂ ਨੂੰ ਦੇਖਣ ਲਈ ਬੇਤਾਬ ਹਨ।

ਸੋਮਵਾਰ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ ਨੇ ਊਨਾ, ਮਿੰਡਵਾਂ, ਝਿੰਜਰੀ, ਕਾਹੀਵਾਲ, ਬਲੋਲੀ, ਭਰਤਗੜ੍ਹ, ਸ੍ਰੀ ਅਨੰਦਪੁਰ ਸਾਹਿਬ, ਭਾਨੂਪਲੀ, ਬ੍ਰਹਮਪੁਰ, ਗੋਹਲਾਨੀ, ਨਾਗਰਾਂ, ਨਯਾ ਨੰਗਲ ਆਦਿ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਹਰ ਥਾਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਜਨਤਕ ਮੀਟਿੰਗਾਂ ਵਿੱਚ ‘ਅਨੰਦਪੁਰ ਸਾਹਿਬ ਕੀ ਆਸ, ਸਦਾ ਸੁਭਾ’ ਦੇ ਨਾਅਰੇ ਗੂੰਜ ਰਹੇ ਸਨ।

Scroll to Top