QR code system

ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ QR code ਸਿਸਟਮ ਦੀ ਸ਼ੁਰੂਆਤ

ਚੰਡੀਗੜ੍ਹ, 23 ਅਕਤੂਬਰ 2024: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ QR ਕੋਡ ਪ੍ਰਣਾਲੀ (QR code system) ਦੀ ਸ਼ੁਰੂਆਤ ਕੀਤੀ ਹੈ | ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ QR ਕੋਡ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜੋ ਕਿ ਬੀਜ ਸਪਲਾਈ ਲੜੀ ‘ਚ ਨਕਲੀ ਬੀਜਾਂ ਦੀ ਮਾਰਕੀਟ ਨੂੰ ਖਤਮ ਕਰਨ ‘ਚ ਬਰਾਬਰੀ ਅਤੇ ਮਿਆਰਾਂ ਨੂੰ ਯਕੀਨੀ ਬਣਾਉਣ ‘ਚ ਮੱਦਦ ਕਰੇਗਾ | ਇਸ ਨਾਲ ਹੁਣ ਪੰਜਾਬ ਦੇ ਕਿਸਾਨ ਬੀਜਾਂ ਦੀ ਗੁਣਵੱਤਾ, ਸਰੋਤ ਅਤੇ ਪ੍ਰਮਾਣੀਕਰਣ ਬਾਰੇ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਦਫ਼ਤਰ ‘ਚ ਕਿਊਆਰ ਕੋਡ ਸਿਸਟਮ (QR code system) ਦੀ ਸ਼ੁਰੂਆਤ ਕਰਨ ਉਪਰੰਤ ਕਿਹਾ ਕਿ ਇਹ ਪ੍ਰਣਾਲੀ ਬੀਜ ਗੁਣਵੱਤਾ ਪ੍ਰਣਾਲੀ ‘ਚ ਬੀਜਾਂ ਦੇ ਸਰੋਤ ਦਾ ਪਤਾ ਲਗਾਉਣ ‘ਚ ਸਹਾਈ ਹੋਵੇਗੀ ਅਤੇ ਇੱਕ ਮਜ਼ਬੂਤ ​​ਬੀਜ ਗੁਣਵੱਤਾ ਪ੍ਰਣਾਲੀ ਨੂੰ ਯਕੀਨੀ ਬਣਾਵੇਗੀ।

ਉਨ੍ਹਾਂ ਦੱਸਿਆ ਕਿ ਬੀਜ ਖਰੀਦਣ ਤੋਂ ਪਹਿਲਾਂ ਕਿਸਾਨ ਬੀਜ ਦੀਆਂ ਬੋਰੀਆਂ ‘ਤੇ ਲੱਗੇ QR ਕੋਡ ਟੈਗ ਨੂੰ ਸਕੈਨ ਕਰਕੇ ਬੀਜ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਿਊਆਰ ਕੋਡ ਸਕੈਨ ਹੁੰਦੇ ਹੀ ਬੀਜਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋ ​​ਜਾਵੇਗੀ। ਇਸ ਦੇ ਨਾਲ ਹੀ ਬੀਜ ਉਤਪਾਦਕ ਬਾਰੇ ਪੂਰੀ ਜਾਣਕਾਰੀ ਤੋਂ ਇਲਾਵਾ ਨਿਰੀਖਣ ਰਿਪੋਰਟਾਂ ਅਤੇ ਲੈਬ ਟੈਸਟਾਂ ਦੇ ਨਤੀਜਿਆਂ ਦਾ ਵੇਰਵਾ ਵੀ ਹੋਵੇਗਾ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਇਸੰਸਸ਼ੁਦਾ ਡੀਲਰਾਂ ਵੱਲੋਂ ਪ੍ਰਮਾਣਿਤ ਬੀਜ ਹੀ ਵੇਚੇ ਜਾਣਗੇ, ਜਿਸ ਨਾਲ ਬੀਜ ਸਪਲਾਈ ਦੇ ਮਿਆਰਾਂ ‘ਚ ਇਕਸਾਰਤਾ ਹੋਵੇਗੀ। ਖੁੱਡੀਆਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਸਰਕਾਰ ਖੇਤੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿਊਆਰ ਕੋਡ ਪ੍ਰਣਾਲੀ ਵਿਸ਼ੇਸ਼ ਤੌਰ ‘ਤੇ ਬੀਜ ਉਤਪਾਦਨ, ਗੁਣਵੱਤਾ ਵਾਲੇ ਬੀਜਾਂ ਦੀ ਪਛਾਣ ਅਤੇ ਬੀਜ ਪ੍ਰਮਾਣਿਕਤਾ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਤਿਆਰ ਕੀਤੀ ਹੈ।

ਵਧੀਕ ਮੁੱਖ ਸਕੱਤਰ, ਖੇਤੀਬਾੜੀ ਵਿਭਾਗ ਅਨੁਰਾਗ ਵਰਮਾ ਨੇ ਦੱਸਿਆ ਕਿ (ਸੀਡ ਟਰੇਸੇਬਿਲਟੀ, ਔਥੈਂਟੀਕੇਸ਼ਨ ਐਂਡ ਹੌਲਿਸਟਿਕ ਇਨਵੈਂਟਰੀ) ਪੋਰਟਲ ਨੂੰ ਲਾਗੂ ਕਰਨ ਵਾਲੀ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇਸ਼ ਦੀ ਪਹਿਲੀ ਸੰਸਥਾ ਹੈ।

ਜ਼ਿਕਰਯੋਗ ਹੈ ਕਿ ਇਹ ਪੋਰਟਲ ਪੰਜਾਬ ‘ਚ 17 ਜਨਵਰੀ, 2023 ਨੂੰ ਲਾਂਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੈਦਾ ਹੋਣ ਵਾਲੇ ਸਾਰੇ ਬੀਜਾਂ ਨੂੰ “ਸਾਥੀ” ਪੋਰਟਲ ‘ਤੇ ਆਨਲਾਈਨ ਰਜਿਸਟਰ ਕੀਤਾ ਜਾਂਦਾ ਹੈ ਅਤੇ ਇਹ ਆਨਲਾਈਨ ਪ੍ਰਣਾਲੀ ਬੀਜ ਦੀ ਜਾਂਚ ਤੋਂ ਲੈ ਕੇ ਪੈਕਿੰਗ ਤੱਕ ਦੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਪ੍ਰਬੰਧਨ ਕਰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬੀਜ ਪ੍ਰਮਾਣੀਕਰਣ ਅਥਾਰਟੀ ਮੌਜੂਦਾ ਸਮੇਂ ‘ਚ ਬੀਜ ਉਤਪਾਦਕ ਫਸਲਾਂ ਦੇ ਸੱਤਵੇਂ ਸੀਜ਼ਨ ਦੀ ਲਗਾਤਾਰ ਆਨਲਾਈਨ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾ ਰਹੀ ਹੈ। ਇਸ ਸਮੇਂ ਇਸ ਪੋਰਟਲ ‘ਤੇ 360 ਬੀਜ ਉਤਪਾਦਕ ਏਜੰਸੀਆਂ, 341 ਬੀਜ ਪ੍ਰੋਸੈਸਿੰਗ ਪਲਾਂਟ ਅਤੇ ਤਿੰਨ ਟੈਸਟਿੰਗ ਲੈਬਾਂ ਸਮੇਤ 10,669 ਬੀਜ ਉਤਪਾਦਕਾਂ ਦੀ ਜਾਣਕਾਰੀ ਅਪਡੇਟ ਕੀਤੀ ਗਈ ਹੈ।

Scroll to Top