ਚੰਡੀਗੜ੍ਹ/ਖੰਨਾ, 06 ਜਨਵਰੀ 2025: ਪੰਜਾਬ ਦੇ ਸੈਰ-ਸਪਾਟਾ, ਉਦਯੋਗ ਅਤੇ ਵਣਜ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ (Punjab Garbage free) ਬਣਾਉਣ ਲਈ ਖੰਨਾ ਸ਼ਹਿਰ ਤੋਂ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤਾ ਹੈ | ਕੈਬਿਨਟ ਮੰਤਰੀ ਨੇ ਅੱਜ ਖੰਨਾ ‘ਚ ਡੋਰ ਟੂ ਡੋਰ ਕੁਲੈਕਸ਼ਨ ਅਤੇ ਸੇਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ ਹੈ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ‘ਤੇ 4 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਹ ਪ੍ਰਾਜੈਕਟ ਇੱਕ ਸਾਲ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਹੋਰ ਖੇਤਰਾਂ ‘ਚ ਵੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੇ ਹਰ ਵਾਰਡ ‘ਚ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਚੁੱਕਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ (Punjab Garbage free) ਦੇ ਸ਼ੁਰੂ ਹੋਣ ਨਾਲ ਖੰਨਾ ਸ਼ਹਿਰ ‘ਚ ਕਿਸੇ ਹੋਰ ਥਾਂ ‘ਤੇ ਕੂੜਾ ਨਹੀਂ ਸੁੱਟਿਆ ਜਾਵੇਗਾ। ਇਸ ਨਾਲ ਖੰਨਾ ਸ਼ਹਿਰ ਦੇ ਸਾਰੇ ਵਾਰਡਾਂ ‘ਚੋਂ ਕੂੜਾ-ਕਰਕਟ ਖਤਮ ਹੋ ਜਾਵੇਗਾ ਅਤੇ ਸ਼ਹਿਰ ਦੀ ਦਿੱਖ ਸੁੰਦਰ ਅਤੇ ਆਕਰਸ਼ਕ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਖੰਨਾ ਸ਼ਹਿਰ ਦੇ ਸਾਰੇ ਰਿਹਾਇਸ਼ੀ/ਵਪਾਰਕ/ਸਟ੍ਰੀਟ ਵਿਕਰੇਤਾਵਾਂ ਨੂੰ ਇੱਕ ਉਪਭੋਗਤਾ ਨੰਬਰ ਜਾਰੀ ਕੀਤਾ ਜਾਵੇਗਾ ਅਤੇ ਇਸਨੂੰ ਇੱਕ ਐਪ ਨਾਲ ਜੋੜਿਆ ਜਾਵੇਗਾ। ਕੂੜਾ ਇਕੱਠਾ ਕਰਨ ਲਈ ਬਹੁਤ ਮਾਮੂਲੀ ਬਿੱਲ ਹਰ ਉਪਭੋਗਤਾ ਨੂੰ ਮੋਬਾਈਲ ਸੰਦੇਸ਼ ਰਾਹੀਂ ਭੇਜਿਆ ਜਾਵੇਗਾ। ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਖੰਨਾ ਸ਼ਹਿਰ ਵਾਸੀ ਯੂਜ਼ਰ ਚਾਰਜਿਜ਼ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਭੁਗਤਾਨ ਕਰ ਸਕਦੇ ਹਨ।
ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਇੱਕ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤਾ ਹੈ, ਜਿਸ ਦਾ ਟੋਲ ਫਰੀ ਨੰਬਰ 1800-121-5721 ਹੈ। ਉਨ੍ਹਾਂ ਕਿਹਾ ਕਿ ਇਸ ਟੋਲ-ਫ੍ਰੀ ਨੰਬਰ ‘ਤੇ ਕੂੜੇ ਸਬੰਧੀ ਕੋਈ ਵੀ ਸ਼ਿਕਾਇਤ ਆਉਣ ‘ਤੇ 60 ਮਿੰਟਾਂ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਖੰਨਾ ਸ਼ਹਿਰ ‘ਚ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ ਦੀ ਜੀਪੀਐਸ ਟਰੈਕਿੰਗ ਹੋਵੇਗੀ। ਖੰਨਾ ਸ਼ਹਿਰ ਦੇ ਕਿਹੜੇ ਵਾਰਡ ‘ਚੋਂ ਕਿਹੜਾ ਵਾਹਨ ਕੂੜਾ ਇਕੱਠਾ ਕਰ ਰਿਹਾ ਹੈ, ਇਹ ਜਾਣਨ ਲਈ ਸਥਾਪਿਤ ਕੀਤੇ ਕੰਟਰੋਲ ਰੂਮ ਦੀ ਸਕਰੀਨ ‘ਤੇ ਇਨ੍ਹਾਂ ਵਾਹਨਾਂ ਦੇ ਵੇਰਵੇ ਲਾਈਵ ਦਿਖਾਈ ਦੇਣਗੇ।
ਮੰਤਰੀ ਸੌਂਦ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਖੰਨਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਦਾ ਹੈ। ਇਸ ਮੰਤਵ ਲਈ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਇਸ ਨਿਵੇਕਲੇ ਕਾਰਜ ਲਈ ਦਿੱਤੇ ਪੂਰਨ ਸਹਿਯੋਗ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਕੈਬਨਿਟ ਸਾਥੀਆਂ ਦਾ ਧੰਨਵਾਦ ਕੀਤਾ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਫ਼ਲਤਾ ਤੋਂ ਬਾਅਦ ਇਸ ਦੀ ਨਕਲ ਪੂਰੇ ਪੰਜਾਬ ‘ਚ ਹੀ ਨਹੀਂ, ਸਗੋਂ ਭਾਰਤ ਦੇ ਹੋਰ ਸੂਬੇ ਵੀ ਪੰਜਾਬ ਤੋਂ ਪ੍ਰੇਰਨਾ ਲੈਣਗੇ। ਇਸ ਪ੍ਰੋਜੈਕਟ ਤਹਿਤ ਕੂੜੇ ਨੂੰ ਵੱਖ ਕਰਨ ਤੋਂ ਬਾਅਦ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ ਅਤੇ ਪਲਾਸਟਿਕ ਦੇ ਕੂੜੇ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ।
ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ, ਤਾਂ ਜੋ ਇਸ ਤੋਂ ਬਾਅਦ ਪੰਜਾਬ ਦੇ ਹੋਰ ਖੇਤਰਾਂ ‘ਚ ਵੀ ਇਸ ਨੂੰ ਸ਼ੁਰੂ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਕੂੜਾ ਰਹਿਤ ਅਤੇ ‘ਰੰਗਲਾ ਪੰਜਾਬ’ ਬਣਾਉਣ ਵੱਲ ਸਾਰਥਕ ਕਦਮ ਪੁੱਟਿਆ ਜਾ ਸਕੇ।
Read More: Jalandhar: ਢਿੱਲੋਂ ਭਰਾ ਕ.ਤ.ਲ ਕੇਸ ‘ਚ ਨਵਾਂ ਮੋੜ, ਜਾਣੋ ਮਾਮਲਾ