ਐਸ.ਏ.ਐਸ.ਨਗਰ, 07 ਅਕਤੂਬਰ, 2023: ਜ਼ਿਲ੍ਹੇ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਖਰੜ ਸਬ ਡਵੀਜ਼ਨ ਦੇ ਪਿੰਡ ਤਿਉੜ ਵਿਖੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਟੀਮ ਨੇ ਆਸ-ਪਾਸ ਦੇ 10 ਪਿੰਡਾਂ ਦੇ ਕਿਸਾਨਾਂ (farmers) ਅਤੇ ਪੰਚਾਇਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲੱਗਣ ਨਾਲ ਵਾਤਾਵਰਨ ਅਤੇ ਮਨੁੱਖਤਾ ਨੂੰ ਹੋਣ ਵਾਲੇ ਖ਼ਤਰਿਆਂ ਤੋਂ ਸੁਚੇਤ ਕੀਤਾ।
ਡਿਪਟੀ ਕਮਿਸ਼ਨਰ ਜੈਨ ਨੇ ਇਲਾਕੇ ਦੇ ਕਿਸਾਨਾਂ ਅਤੇ ਪੰਚਾਇਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨਾ ਸਾੜ ਕੇ ਮਿਸਾਲ ਕਾਇਮ ਕਰਨ ਵਾਲੇ ਕਿਸਾਨਾਂ ਦਾ ਪਿੰਡਾਂ ਵਿੱਚ ਜਾ ਕੇ ਸਨਮਾਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਨਾਲ-ਨਾਲ, ਬਾਕੀ ਦੇ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦਾ ਨਿਪਟਾਰਾ ਕਰਨ ਲਈ ਅਪਣਾਏ ਗਏ ਅਮਲਾਂ ਦੀ ਪਾਲਣਾ ਕਰਨ।
ਉਨ੍ਹਾਂ ਨੂੰ ਕ੍ਰਮਵਾਰ 80 ਪ੍ਰਤੀਸ਼ਤ (ਸਹਿਕਾਰੀ ਸਭਾਵਾਂ ਲਈ) ਅਤੇ 50 ਪ੍ਰਤੀਸ਼ਤ (ਵਿਅਕਤੀਗਤ ਕਿਸਾਨਾਂ (farmers) ਲਈ) ਸਬਸਿਡੀ ‘ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਲ ਹੀ ਵਿੱਚ ਸੈਂਕੜੇ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨਾਂ ਨੂੰ ਲੱਕੀ ਡਰਾਅ ਦੇ ਆਧਾਰ ‘ਤੇ ਚੁਣੀ ਗਈ ‘ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ’ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਮਸ਼ੀਨਾਂ ਵਿੱਚ ਬਿਨੈਕਾਰਾਂ ਦੁਆਰਾ ਦਿੱਤੇ ਵਿਕਲਪ ਅਨੁਸਾਰ ਬੇਲਰ, ਰੇਕ, ਸਰਫੇਸ ਸੀਡਰ ਅਤੇ ਕਈ ਹੋਰ ਮਸ਼ੀਨਾਂ ਸ਼ਾਮਲ ਹਨ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਪਰਾਲੀ ਪ੍ਰਬੰਧਨ ਲਈ ਉਪਲਬਧ ਇਨ੍ਹਾਂ ਮਸ਼ੀਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਨੇੜਿਓਂ ‘ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ’ ਉਪਲਬਧ ਕਰਵਾਉਣ ਲਈ ਸਮਰਪਿਤ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਹ ਹੈਲਪਲਾਈਨ; 0172-2219505, 2219506 ਸੀਜ਼ਨ ਦੌਰਾਨ ਕਿਸਾਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੇਵਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਨੰਬਰਾਂ ‘ਤੇ ਕਾਲ ਕਰਕੇ ਸਬੰਧਤ ਸੀ.ਆਰ.ਐਮ. ਮਸ਼ੀਨਰੀ ਮਾਲਕ ਦੇ ਨਾਮ, ਪਿੰਡ ਅਤੇ ਸੰਪਰਕ ਸਮੇਤ ਜਾਣਕਾਰੀ ਪ੍ਰਾਪਤ ਕਰਨ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਨੂੰ ਫ਼ਸਲੀ ਰਹਿੰਦ-ਖੂਹੰਦ ਦੀਆਂ ਅੱਗ ਦੀਆਂ ਘਟਨਾਵਾਂ ਤੋਂ ਮੁਕਤ ਬਣਾਉਣਾ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਰਾਲੀ ਦੇ ਨਿਪਟਾਰੇ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਮੱਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਖੇਤਰਾਂ ਤੋਂ ਵੀ ਬੇਲਰ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਵਾਢੀ ਦਾ ਸੀਜ਼ਨ ਥੋੜ੍ਹਾ ਲੇਟ ਸੀ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਆਪ੍ਰੇਟਰਾਂ ਦੀਆਂ ਸੇਵਾਵਾਂ ਲੈਣ ਕਿਉਂਕਿ ਇਨ੍ਹਾਂ ਦਾ ਬਾਇਓਫਿਊਲ ਆਧਾਰਿਤ ਬਾਇਲਰ ਬਣਾਉਣ ਵਾਲੇ ਉਦਯੋਗਾਂ ਨਾਲ ਸਮਝੌਤਾ ਕਰਵਾਇਆ ਗਿਆ ਹੈ।
ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਮਿੱਟੀ ਨੂੰ ਮਾਤਾ ਮੰਨਣ ਦੇ ਪਾਵਨ ਸੰਦੇਸ਼ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਗੁਰੂ ਸਾਹਿਬ ਦੇ ਸੰਦੇਸ਼ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੇ ਨਾਲ ਆਏ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਏਡੀਸੀ (ਪੇਂਡੂ ਵਿਕਾਸ) ਗੀਤਿਕਾ ਸਿੰਘ, ਐਸ ਡੀ ਐਮ ਖਰੜ ਰਵਿੰਦਰ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਖਰੜ ਸੰਦੀਪ ਰਿਣਵਾ, ਖੇਤੀਬਾੜੀ ਵਿਕਾਸ ਅਫਸਰ ਖਰੜ ਜਸਵਿੰਦਰ ਸਿੰਘ,ਖੇਤੀਬਾੜੀ ਵਿਕਾਸ ਅਫਸਰ ਖਰੜ ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਪ੍ਰੀਤ ਸਿੰਘ ਸੈਣੀ ਅਤੇ ਭੂਮੀ ਰੱਖਿਆ ਅਫ਼ਸਰ ਅਨਿਲ ਬੰਨਾ ਵੀ ਸ਼ਾਮਲ ਸਨ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੰਚਾਇਤਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।