ਜਲੰਧਰ, 25 ਜਨਵਰੀ 2023 : ਲਤੀਫ਼ਪੁਰਾ (Latifpura) ਮੁੜ ਵਸੇਬਾ ਸਾਂਝਾ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸੂਬਾ ਸਰਕਾਰ ਵਲੋਂ ਲਤੀਫ਼ਪੁਰਾ ਦੇ ਉਜਾੜੇ ਲੋਕਾਂ ਨੂੰ ਮੁੜ ਉਸ ਜਗ੍ਹਾ ਨਾ ਵਸਾਇਆ ਅਤੇ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਾਰਲੀਮੈਂਟ ਦੀ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਮੋਰਚੇ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ,ਹੰਸ ਰਾਜ ਪੱਬਵਾਂ, ਸੁਖਜੀਤ ਸਿੰਘ ਡਰੋਲੀ, ਪਰਮਿੰਦਰ ਸਿੰਘ ਮਿੰਟੂ, ਬਲਜਿੰਦਰ ਕੌਰ, ਹਰਜਿੰਦਰ ਕੌਰ, ਸਰਬਜੀਤ ਸਿੰਘ, ਗੁਰਬਖਸ਼ ਸਿੰਘ ਮੰਗਾ ਨੇ ਕਿਹਾ ਕਿ ਸੰਘਰਸ਼ ਦੱਬੇਗਾ ਨਹੀਂ ਸਗੋਂ ਹੋਰ ਤੇਜ਼ ਹੋਵੇਗਾ।
ਉਨ੍ਹਾਂ ਭਗਵੰਤ ਸਿੰਘ ਮਾਨ ਸਰਕਾਰ ਅਤੇ ਇੰਮਰੂਵਮੈਂਟ ਟਰੱਸਟ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨ ਇੰਮਰੂਵਮੈਂਟ ਟਰੱਸਟ ਜਲੰਧਰ ਵਲੋਂ ਲਤੀਫ਼ਪੁਰਾ (Latifpura) ਇਲਾਕੇ ਦੇ ਲੋਕਾਂ ਦੇ ਕੀਤੇ ਗਏ ਉਜਾੜੇ ਸੰਬੰਧੀ ਮੁਆਫ਼ੀਆਂ ਮੰਗੀਆਂ ਗਈਆਂ ਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਿਆ ਜਾ ਰਿਹਾ। ਮਸਲੇ ਨੂੰ ਗ਼ਲਤ ਰੰਗਤ ਦੇਣ ਲਈ ਪੁਲਿਸ ਕੇਸਾਂ ਦਾ ਸਹਾਰਾ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਗਲਤ ਹੋਇਆ ਤਾਂ ਕੇਸ ਹੁਣ ਹੀ ਦਰਜ ਕਿਉਂ ਹੋਇਆ ਪਹਿਲਾਂ ਕਿਉਂ ਨਹੀਂ।
ਅਸਲ ਵਿੱਚ ਇਹ ਸਭ ਕੁੱਝ ਉਜਾੜੇ ਦੀ ਗਲਤ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਪ੍ਰਸ਼ਨ ਇਹ ਹੈ ਕਿ ਜਿਨ੍ਹਾਂ ਕੋਲ ਕਾਗਜ਼ ਨਹੀਂ ਹੁੰਦੇ, ਕੀ ਉਹ ਮਨੁੱਖ ਨਹੀਂ ਹੁੰਦੇ? ਕੀ ਧਰਤੀ ’ਤੇ ਮਾਲਕੀ ਸਿਰਫ਼ ਨਕਸ਼ਿਆਂ, ਕਾਗਜ਼ਾਂ, ਰਿਕਾਰਡਾਂ ਦੇ ਆਧਾਰ ’ਤੇ ਹੀ ਹੋ ਸਕਦੀ ਹੈ? ਕੀ ਮਨੁੱਖ ਦਾ ਜ਼ਮੀਨ ਦੇ ਉਸ ਟੁਕੜੇ, ਜਿਸ ’ਤੇ ਉਹ ਦਹਾਕਿਆਂ ਤੋਂ ਵੱਸਦਾ ਹੋਵੇ, ’ਤੇ ਵੱਸਣ ਦਾ ਅਧਿਕਾਰ, ਉਸ ਦਾ ਕੁਦਰਤੀ ਹੱਕ (natural right) ਨਹੀਂ ਬਣ ਜਾਂਦਾ।
ਉਨ੍ਹਾਂ ਕਿਹਾ ਕਿ ਮੇਘਾਲਿਆ ਵਿੱਚ ਸੋਲੌਂਗ ਬਸਤੀ ਨੂੰ ਸਵੀਪਰਜ਼ (ਸਫ਼ਾਈ ਕਰਨ ਵਾਲਿਆਂ ਦੀ) ਕਲੋਨੀ ਵਿਖੇ 3 ਏਕੜ ਵਿੱਚ 300 ਤੋਂ ਵੱਧ ਪੰਜਾਬੀ ਦਲਿਤ ਪਰਿਵਾਰ ਵੱਸਦੇ ਹਨ,ਜਿਨ੍ਹਾਂ ਨੂੰ 1920-30ਵਿਆਂ ਵਿਚ ਸਾਫ਼ ਸਫ਼ਾਈ ਦੇ ਕੰਮ ਜਿਨ੍ਹਾਂ ਵਿਚ ਸੁੱਕੇ ਪਖਾਨਿਆਂ ਦੀ ਵੀ ਸਫ਼ਾਈ ਸ਼ਾਮਿਲ ਸੀ, ਕਰਨ ਲਈ ਇੱਥੇ ਲਿਆ ਕੇ ਵਸਾਇਆ ਗਿਆ ਸੀ। ਕੁੱਝ ਪਰਿਵਾਰ ਤਾਂ ਇੱਥੇ 1895 ਵਿਚ ਹੀ ਆ ਵੱਸੇ ਸਨ। ਜਿਹਨਾਂ ਪਾਸ ਕੋਈ ਕਾਗਜ਼ ਨਹੀਂ, ਇਹਨਾਂ ਪਰਿਵਾਰਾਂ ਨੂੰ ਉਜਾੜਨ ਦਾ ਸਵਾਲ ਉੱਠਿਆ ਪ੍ਰੰਤੂ ਅੱਜ ਤੱਕ ਇਹ ਲੋਕ ਉਸ ਜਗ੍ਹਾ ਉੱਪਰ ਹੀ ਵੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮਾਫ਼ੀਆ ਖ਼ਤਮ ਕਰਨ ਦੀਆਂ ਟਾਹਰਾਂ ਮਾਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਮਾਫ਼ੀਆ ਅਤੇ ਕਾਰਪੋਰੇਟ ਪੱਖੀ ਨੀਤੀ ਉੱਪਰ ਚੱਲਦੀ ਹੋਈ ਲੋਕਾਂ ਨੂੰ ਉਜਾੜ ਰਹੀ ਹੈ ਅਤੇ ਉਜਾੜੇ ਨੂੰ ਸਹੀ ਠਹਿਰਾ ਰਹੀ ਹੈ।ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਉਸ ਵਕਤ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ 10 ਲੱਖ ਲੋਕ ਮਾਰੇ ਗਏ ਸਨ, ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ ।ਉਸ ਸਮੇਂ ਲੋਕਾਂ ਕੋਲ ਆਪਣੀ ਜਾਨ ਆਪਣੀ ਇੱਜ਼ਤ ਤੇ ਸਿਰ ਤੇ ਛੱਤ ਤੇ ਰੋਟੀ ਦੀ ਜ਼ਰੂਰਤ ਸੀ । ਉਸ ਸਮੇਂ ਲੋਕਾਂ ਕੋਲ ਆਪਣੇ ਉਜਾੜੇ ਦੇ ਸਬੂਤ ਸਾਂਭਣ ਦਾ ਸੁੱਝ ਹੀ ਨਹੀਂ ਸਕਦਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਸਭ ਕੁੱਝ ਕਾਗਜ਼ ਹੀ ਹੁੰਦਾ ਹੈ ਤਾਂ ਨਾਗਰਿਕਤਾ ਸੋਧ ਕਾਨੂੰਨ ਤਹਿਤ ਅਸਾਮ ਵਿੱਚ ਫੌਜ਼,ਮਿਲਟਰੀ ਦੇ ਵੱਡੇ ਅਫਸਰਾਂ ਤੋਂ ਲੈ ਕੇ ਦੇਸ਼ ਦੇ ਪੰਜਵੀਂ ਵਾਰ ਬਣੇ ਬਣੇ ਰਾਸ਼ਟਰਪਤੀ ਦਾ ਪਰਿਵਾਰ ਤੱਕ ਆਪਣੀ ਨਾਗਰਿਕਤਾ ਸਾਬਿਤ ਨਹੀਂ ਕਰ ਪਾਏ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਦੇ ਲੋਕਾਂ ਪਾਸ ਤਾਂ ਅਨੇਕਾਂ ਸਬੂਤ ਹਨ ਜੋ ਸਾਲ 2000 ਤੋਂ ਪਹਿਲਾਂ ਦੇ ਇਸ ਜਗ੍ਹਾ ਉੱਪਰ ਵਸੇ ਹੋਣ ਸ਼ਾਹਦੀ ਭਰਦੇ ਹਨ। ਉਨ੍ਹਾਂ ਕਿਹਾ ਦੇਸਾ ਸਿੰਘ ਪੁੱਤਰ ਸੁੰਦਰ ਸਿੰਘ ਜ਼ੋ 9/12/1935 ਨੂੰ ਫੌਜ ਚ ਭਰਤੀ ਹੋਇਆ ।
ਜਿਸਦਾ ਸੈਨਿਕ ਨੰਬਰ 14712 ਅਤੇ ਰੈਂਕ ਹਵਲਦਾਰ ਹੈ। 47 ਦੀ ਵੰਡ ਸਮੇਂ ਉਸਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਲਤੀਫਪੁਰੇ ਚ ਆ ਕੇ ਵਸਿਆ। ਉਨਾਂ ਦਾ ਵਿਆਹ 10/05/1945 ਨੂੰ ਪ੍ਰੀਤਮ ਕੌਰ ਪੁੱਤਰੀ ਭਾਨ ਵਾਸੀ ਸਿਆਲਕੋਟ (ਪਾਕਿਸਤਾਨ) ਨਾਲ ਹੋਇਆ । ਉਨਾਂ ਦਾ ਬੈਂਕ ਖਾਤਾ ਪੰਜਾਬ ਨੈਸ਼ਨਲ ਬੈਂਕ ਚ ਸੀ । ਜਿਸਦਾ ਖਾਤਾ ਨੰਬਰ 1963 ਦਰਜ ਹੈ। ਉਨਾਂ ਦੀ ਮੌਤ 27/08/1991 ਨੂੰ ਹੋਈ ਜਿਸਦਾ ਮੌਤ ਦਾ ਸਰਟੀਫਿਕੇਟ ਲਤੀਫਪੁਰੇ ਹੈ।
ਦੇਸਾ ਸਿੰਘ ਦੇ ਪੀ.ਐਸ.ਈ.ਬੀ. ਦਾ ਬਿਜਲੀ ਦਾ ਬਿੱਲ 25/12/1990 ਜਿਸ ਖਾਤਾ ਨੰਬਰ MT24/0525 ਹੈ। ਇਹ ਮੀਟਰ 1990 ਤੋਂ ਵੀ ਪਹਿਲਾਂ ਦਾ ਲੱਗਾ ਹੋਇਆ ਹੈ। ਜਿਸਦਾ ਲੜਕਾ ਨਰਿੰਦਰ ਸਿੰਘ ਦਾ ਜਨਮ ਇਸੇ ਜਗ੍ਹਾ ਤੇ ਹੋਇਆ ਤੇ ਜਿਸਦੀ ਮੌਤ 31/08/2021 ਨੂੰ ਹੋਈ ਉਸਦੀ ਮੌਤ ਦਾ ਸਰਟੀਫਿਕੇਟ ਲਤੀਫਪੁਰੇ ਦੇ ਪਤੇ ਦਰਜ ਹੈ। ਉਸਦੀ ਪਤਨੀ ਕੁਲਜੀਤ ਕੌਰ, ਲੜਕਾ ਕਰਨ ਸਿੰਘ, ਹਰਵਿੰਦਰ ਸਿੰਘ, ਸੁਨੀਤਾ ਪਤਨੀ ਹਰਵਿੰਦਰ ਸਿੰਘ, ਪ੍ਰਭਜੋਤ ਕੌਰ ਲੜਕੀ ਹਰਵਿੰਦਰ ਸਿੰਘ ਅੱਜ ਇੱਥੇ ਰਹਿ ਰਹੇ ਹਨ । ਜਿਨਾਂ ਦਾ ਸਰਕਾਰ ਵਲੋਂ ਉਜਾੜਾ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਸਵਰਨ ਸਿੰਘ ਪੁੱਤਰ ਹਰਨਾਮ ਸਿੰਘ ਜੋ 47 ਦੀ ਵੰਡ ਸਮੇਂ ਇੱਥੇ ਆ ਕੇ ਵਸੇ। ਉਨਾਂ ਦਾ ਬੈਂਕ ਖਾਤਾ ਨੰਬਰ 3660 ਬੈਂਕ ਪੰਜਾਬ ਐਂਡ ਸਿੰਧ ਬੈਂਕ ਚ 2/09/1985 ਚ ਖੁੱਲਿਆ ਹੈ। ਉਨਾਂ ਦਾ ਬੀਐਸਐੱਨ ਐੱਲ ਦਾ ਬਿੱਲ 07/04/2005 ਨੂੰ ਆਇਆ ਤੇ ਅਦਾ ਕੀਤਾ। ਉਨਾਂ ਦੀ ਮੌਤ ਦਾ ਸਰਟੀਫਿਕੇਟ ਲਤੀਫਪੁਰੇ ਦੇ ਨਾਮ ਤੇ ਦਰਜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਪਾਸ ਰੈਜ਼ੀਡੈਂਸ਼ੀ ਸਰਟੀਫਿਕੇਟ, ਵੋਟਰ ਕਾਰਡ, ਅਧਾਰ ਕਾਰਡ, ਰਾਸ਼ਨ ਕਾਰਡ, ਬਿਜਲੀ ਕੁਨੈਕਸ਼ਨ ਅਤੇ ਉਨਾਂ ਦੇ ਪਰਿਵਾਰ ਦੇ ਹੋਰ ਸਬੂਤ ਤੱਥ ਇੱਥੋਂ ਦੇ ਹਨ।ਇਸ ਦੇ ਬਾਵਜੂਦ ਚੇਅਰਮੈਨ ਇੰਮਰੂਵਮੈਂਟ ਟਰੱਸਟ ਪ੍ਰੈੱਸ ਕਾਨਫਰੰਸ ਕਰਕੇ ਮੁਆਫ਼ੀਆਂ ਮੰਗਣ ਉਪਰੰਤ ਹੁਣ ਉਜਾੜੇ ਨੂੰ ਸਹੀ ਠਹਿਰਾ ਰਿਹਾ ਹੈ।ਜੋ ਅਤੀ ਨਿੰਦਣਯੋਗ ਹੈ ਅਤੇ ਉਜਾੜੇ ਲੋਕਾਂ ਦੇ ਜ਼ਖਮਾਂ ਉੱਪਰ ਲੂਣ ਭੁੱਕਣ ਬਰਾਬਰ ਹੈ।
ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਅਤੇ ਇੰਮਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਲੋਕ ਵਿਰੋਧੀ, ਲੋਕ ਉਜਾੜੂ ਚਿਹਰਾ ਨੰਗਾ ਕਰਨ ਲਈ ਕਾਲ਼ੇ ਝੰਡਿਆਂ ਨਾਲ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਸ ਦਿਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਰੋਜ਼ਾਨਾ ਵਾਂਗ ਵਰਦੇ ਮੀਂਹ ਵਿੱਚ ਮੋਰਚਾ ਉੱਪਰ ਲੋਕ ਡਟੇ ਰਹੇ ਅਤੇ ਮੁੱਖ ਮੰਤਰੀ ਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।