July 7, 2024 2:18 pm
ਬਜਟ ਸੈਸ਼ਨ

ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ 2 ਵਜੇ ਤੱਕ ਮੁਲਤਵੀ, ਵਿਰੋਧੀ ਧਿਰ ED ਦਫ਼ਤਰ ਤੱਕ ਕਰਨਗੇ ਪੈਦਲ ਮਾਰਚ

ਚੰਡੀਗੜ੍ਹ, 15 ਮਾਰਚ 2023: ਭਾਰੀ ਹੰਗਾਮੇ ਕਾਰਨ ਸੰਸਦ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ । ਵਿਰੋਧੀ ਨੇਤਾਵਾਂ ਨੇ ਅਡਾਨੀ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਨੇ ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਦਿੱਤੇ ਬਿਆਨ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਸੰਸਦ ਦੀ ਕਾਰਵਾਈ ਹੰਗਾਮੇ ਨਾਲ ਪ੍ਰਭਾਵਿਤ ਹੋਈ ਸੀ।

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸੰਸਦੀ ਦਫ਼ਤਰ ਵਿੱਚ 16 ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ‘ਚ ਅਡਾਨੀ ਮਾਮਲੇ ‘ਤੇ ਜੇਪੀਸੀ ਦੀ ਮੰਗ ਨੂੰ ਲੈ ਕੇ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ‘ਤੇ ਸਹਿਮਤੀ ਬਣੀ।

ਵਿਰੋਧੀ ਪਾਰਟੀਆਂ ਥੋੜ੍ਹੀ ਦੇਰ ਵਿੱਚ ਈਡੀ ਦਫ਼ਤਰ ਤੱਕ ਪੈਦਲ ਮਾਰਚ ਕਰਨਗੀਆਂ ਅਤੇ ਅਡਾਨੀ ਮਾਮਲੇ ਦੀ ਜਾਂਚ ਏਜੰਸੀ ਨੂੰ ਸ਼ਿਕਾਇਤ ਕਰਨਗੀਆਂ। ਇਸ ਸ਼ਿਕਾਇਤ ਪੱਤਰ ‘ਤੇ 16 ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਦਸਤਖ਼ਤ ਹਨ। ਇਸ ਵਿੱਚ ਅਡਾਨੀ-ਹਿੰਡਨਬਰਗ ਰਿਪੋਰਟ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਵਿਜੇ ਚੌਕ ’ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ।