ਚੰਡੀਗੜ੍ਹ/ਰੂਪਨਗਰ, 10 ਜਨਵਰੀ 2024: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ ਗਰਾਮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਕਰੀਬ 85 ਏਕੜ ਪੰਚਾਇਤੀ ਜ਼ਮੀਨ (PANCHAYAT LAND) ਤੋਂ ਕਬਜ਼ਾ ਛੁਡਵਾਇਆ ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿਚ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡ ਹਰਨਾਮਪੁਰਾ ਵਿਖੇ 85 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ‘ਤੇ ਉਦਯੋਗਪਤੀ ਤੋਂ ਲੈ ਕੇ ਪਿੰਡ ਵਾਸੀਆਂ ਵਲੋਂ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਤੋਂ ਇਸ ਜ਼ਮੀਨ ਦੀ ਮਲਕੀਅਤ ਗਰਾਮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਨੂੰ ਸੌਂਪ ਦਿੱਤੀ ਗਈ ਹੈ ਜਿਸ ਦੀ ਕੀਮਤ ਚੰਡੀਗੜ੍ਹ ਦੇ ਨਜ਼ਦੀਕ ਹੋਣ ਸਦਕਾ 100 ਕਰੋੜ ਰੁਪਏ ਤੋਂ ਵੱਧ ਹੈ। ਇਹ ਜ਼ਮੀਨ ਬਹੁਤ ਉਪਜਾਊ ਹੈ ਜਿਸ ਵਿੱਚ ਅਮਰੂਦਾਂ ਦੇ ਬਾਗ, ਖੈਰ ਦੇ ਦਰੱਖਤ ਲੱਗੇ ਹੋਏ ਹਨ ਅਤੇ ਕਈ ਲੋਕਾਂ ਵਲੋਂ ਕਬਜ਼ਾ ਕਰਕੇ ਖੇਤੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰਕੇ ਖੁੱਲ੍ਹੀ ਬੋਲੀ ਰਾਹੀਂ ਖੇਤੀ ਲਈ ਅੱਗੇ ਦਿੱਤਾ ਜਾਵੇਗਾ ਅਤੇ ਇਸ ਆਮਦਨ ਨੂੰ ਪਿੰਡ ਦੇ ਵਿਕਾਸ ਉਤੇ ਖਰਚਿਆ ਜਾਵੇਗਾ।
ਪੇਂਡੂ ਵਿਕਾਸ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਜਿਹੜੇ ਲੋਕਾਂ ਦਾ ਜ਼ਮੀਨ (PANCHAYAT LAND) ਉਤੇ ਕਬਜ਼ਾ ਸੀ, ਉਨ੍ਹਾਂ ਨੂੰ ਬੋਲੀ ਵਿਚ ਸ਼ਾਮਿਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਉਤੇ ਕਬਜ਼ਾ ਹਟਵਾਉਣ ਨਾਲ ਜਿਥੇ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ, ਉਥੇ ਨਾਲ ਹੀ ਪੰਚਾਇਤ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ, ਜਿਸ ਨੂੰ ਪਿੰਡਾਂ ਦੀ ਨੁਹਾਰ ਨੂੰ ਬਦਲਣ ਵਿੱਚ ਯਕੀਨਣ ਮਦਦ ਹੋਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਵਿੱਚੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਜਿਸ ਦੇ ਨਤੀਜੇ ਵਜੋਂ ਪੰਚਾਇਤਾਂ ਵਲੋਂ ਆਮਦਨ ਵਧਾਉਣ ਦਾ ਵਧੀਆ ਉਪਰਾਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਹਨ ਜਿਸ ਵਿੱਚ ਬਹੁਤ ਸਾਰੀਆਂ ਕਮਰਸ਼ੀਅਲ ਅਤੇ ਖੇਤੀਬਾੜੀ ਨਾਲ ਸਬੰਧਤ ਜ਼ਮੀਨਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਹੀ ਸ਼ਖਤੀ ਨਾਲ ਨਾਜਾਇਜ਼ ਕਬਜ਼ਿਆਂ ਪ੍ਰਤੀ ਕਾਰਵਾਈ ਕਰ ਰਹੀ ਹੈ ਅਤੇ ਭਵਿੱਖ ਵਿੱਚ ਜਿਨ੍ਹਾਂ ਨੇ ਵੀ ਪੰਚਾਇਤੀ ਜ਼ਮੀਨਾਂ ਤੇ ਨਾਜ਼ਾਇਜ਼ ਕਬਜ਼ਾ ਕੀਤਾ ਹੋਇਆ ਹੈ ਉਥੇ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਸਰਕਾਰਾਂ ਵਲੋਂ ਪੰਚਾਇਤੀ ਜ਼ਮੀਨਾਂ ਉਤੇ ਕਬਜ਼ੇ ਕਰਵਾਏ ਗਏ ਅਤੇ ਸੂਬੇ ਦੇ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਜਿਸ ਤੋਂ ਪੰਜਾਬ ਸਰਕਾਰ ਨੂੰ ਵਿਆਪਕ ਪੱਧਰ ਉਤੇ ਮਾਲੀਆ ਇਕੱਠਾ ਹੋਣਾ ਸੀ ਉਹ ਨਹੀਂ ਹੋ ਪਾਇਆ। ਜਿਸ ਨਾਲ ਸੂਬਾ ਸਰਕਾਰ ਨੂੰ ਵਿੱਤੀ ਘਾਟਾ ਪਿਆ ਹੈ ਉਥੇ ਹੀ ਕੀਮਤੀ ਜ਼ਮੀਨਾਂ ਉਤੇ ਨਜ਼ਾਇਜ ਕਬਜ਼ਿਆਂ ਨੂੰ ਹਟਵਾਉਣ ਲਈ ਜੱਦੋ ਜ਼ਹਿਦ ਵੀ ਕਰਨੀ ਪੈ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ. ਰੂਪਨਗਰ ਹਰਕੀਰਤ ਕੌਰ, ਡੀ.ਐਸ.ਪੀ. ਤ੍ਰਿਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਅਧਿਕਾਰੀ ਹਾਜ਼ਰ ਸਨ।