ਲਹਿਰਾਗਾਗਾ, 12 ਦਸੰਬਰ 2023: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਲਗਾਤਾਰ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ ਕਬਜ਼ਿਆਂ ਨੂੰ ਛੁਡਵਾਇਆ ਜਾ ਰਿਹਾ ਹੈ | ਬੀਤੇ ਸਮੇਂ ਵਿੱਚ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਵੱਡੇ ਪੱਧਰ ਉੱਤੇ ਨਜਾਇਜ਼ ਕਬਜ਼ਿਆਂ ਨੂੰ ਛੁਡਵਾਇਆ ਗਿਆ ਸੀ।
ਇਸੇ ਲੜੀ ਦੇ ਤਹਿਤ ਪੰਜਾਬ ਦੇ ਮੌਜੂਦਾ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ (Lehragaga) ਵਿੱਚ ਪਹੁੰਚੇ, ਜਿੱਥੇ ਉਹਨਾਂ ਵੱਲੋਂ 24 ਏਕੜ ਸਰਕਾਰੀ ਜ਼ਮੀਨ ਨੂੰ ਨਾਜਾਇਜ ਕਬਜ਼ੇ ਤੋਂ ਛੁਡਵਾਇਆ ਗਿਆ ਹੈ | ਮੀਡੀਆ ਨਾਲ ਗੱਲ ਕਰਦੇ ਹੋਏ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਜ਼ਮੀਨ ਉੱਤੇ ਕਬਜ਼ਾ ਕਰ ਖੇਤੀ ਕੀਤੀ ਜਾ ਰਹੀ ਸੀ। ਜੋ ਕਿ ਹੁਣ ਸਾਡੇ ਵੱਲੋਂ ਇਸ ਨੂੰ ਛੁਡਵਾਇਆ ਗਿਆ ਹੈ |
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਜਾਵੇਗੀ, ਬੋਲੀ ਉੱਤੇ ਇਹੀ ਕਿਸਾਨ ਜ਼ਮੀਨ ਲੈ ਸਕਦੇ ਹਨ ਪਰ ਸਾਡੇ ਵੱਲੋਂ ਨਿਰਪੱਖ ਤੌਰ ‘ਤੇ ਬੋਲੀ ਕਰਵਾ ਇਹ ਜ਼ਮੀਨ ਦਿੱਤੀ ਜਾਵੇਗੀ | ਉਹਨਾਂ ਨੇ ਇਸ ਪੂਰੇ ਮਾਮਲੇ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਉੱਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਹਲਕੇ ਤੋਂ ਬੀਬੀ ਰਜਿੰਦਰ ਕੌਰ ਭੱਠਲ ਲੰਬੇ ਸਮੇਂ ਤੱਕ ਰਹੇ ਹਨ | ਇਸ ਕਬਜ਼ੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੈ |
ਜਿਸ ਕਾਰਨ ਇਹਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ | ਇਸਦੇ ਨਾਲ ਹੀ ਉਹਨਾਂ ਨੇ ਚਿਤਾਵਨੀ ਦਿੱਤੀ ਹੈ ਜਿਹਨਾਂ ਨੇ ਅਜੇ ਤੱਕ ਪੰਜਾਬ ਦੀ ਸਰਕਾਰੀ ਜ਼ਮੀਨ ਉਤੋਂ ਕਬਜ਼ਾ ਨਹੀਂ ਛੱਡਿਆ, ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ ਸਾਡੇ ਵੱਲੋਂ ਪਿਆਰ ਨਾਲ ਕਬਜ਼ੇ ਛਡਵਾਏ ਜਾ ਰਹੇ ਸੀ ਜੇਕਰ ਅਜੇ ਵੀ ਕਿਸੇ ਨੇ ਕਬਜ਼ਾ ਨਹੀਂ ਛੱਡਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |