July 2, 2024 7:37 pm
JDU

ਲਲਨ ਸਿੰਘ ਨੇ JDU ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਨਿਤੀਸ਼ ਕੁਮਾਰ ਸੰਭਾਲਣਗੇ ਪਾਰਟੀ ਦੀ ਕਮਾਨ

ਚੰਡੀਗੜ੍ਹ, 29 ਦਸੰਬਰ 2023: ਦਿੱਲੀ ਵਿੱਚ ਜੇਡੀਯੂ (JDU) ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਲੋਕ ਸਭਾ ਚੋਣਾਂ ਵਿੱਚ ਸਰਗਰਮੀ ਦੇ ਮੱਦੇਨਜ਼ਰ ਲਿਆ ਹੈ।

ਹੁਣ ਨਿਤੀਸ਼ ਕੁਮਾਰ ਦਾ ਜਨਤਾ ਦਲ ਯੂਨਾਈਟਿਡ (JDU) ਦਾ ਨਵਾਂ ਪ੍ਰਧਾਨ ਬਣਨਾ ਤੈਅ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਸ਼ਾਮ 4 ਵਜੇ ਨੈਸ਼ਨਲ ਕੌਂਸਲ ਦੀ ਬੈਠਕ ‘ਚ ਨਿਤੀਸ਼ ਦੇ ਨਾਂ ਦਾ ਐਲਾਨ ਹੋ ਸਕਦਾ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਪਾਰਟੀ ਦੀ ਕਮਾਨ ਨਿਤੀਸ਼ ਕੁਮਾਰ ਦੇ ਹੱਥਾਂ ਵਿੱਚ ਹੋਵੇਗੀ।

ਜੇਡੀਯੂ ਦੇ ਕੌਮੀ ਜਨਰਲ ਸਕੱਤਰ ਦਾਸਾਈ ਚੌਧਰੀ ਨੇ ਦੱਸਿਆ ਕਿ ਕਾਰਜਕਾਰਨੀ ਦੀ ਬੈਠਕ ਵਿੱਚ ਵਿਜੇਂਦਰ ਯਾਦਵ ਨੇ ਪਾਰਟੀ ਪ੍ਰਧਾਨ ਬਣਨ ਲਈ ਨਿਤੀਸ਼ ਕੁਮਾਰ ਦਾ ਨਾਂ ਅੱਗੇ ਰੱਖਿਆ। ਪਾਰਟੀ ਦੇ ਬਹੁਤੇ ਪ੍ਰਮੁੱਖ ਆਗੂਆਂ ਦਾ ਵਿਚਾਰ ਸੀ ਕਿ ਮੁੱਖ ਚਿਹਰਾ ਹੋਣ ਕਾਰਨ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਦੀ ਕਮਾਨ ਸੰਭਾਲ ਲੈਣੀ ਚਾਹੀਦੀ ਹੈ। ਜਿਸ ਦਾ ਕਾਰਜਕਾਰਨੀ ਦੀ ਬੈਠਕ ਵਿੱਚ ਹਾਜ਼ਰ ਸਮੂਹ ਆਗੂਆਂ ਨੇ ਸਮਰਥਨ ਕੀਤਾ।

ਇਸ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਤੁਸੀਂ ਜਦੋਂ ਵੀ ਬੇਨਤੀ ਕਰੋ, ਮੈਂ ਉਸ ਲਈ ਤਿਆਰ ਹਾਂ। ਲਲਨ ਸਿੰਘ ਨੇ ਵੀ ਸਮਰਥਨ ਕੀਤਾ। ਉਨ੍ਹਾਂ ਕਿਹਾ- ਮੈਂ ਲੰਬੇ ਸਮੇਂ ਤੋਂ ਪਾਰਟੀ ਪ੍ਰਧਾਨ ਰਿਹਾ ਹਾਂ। ਮੈਂ ਚੋਣ ਲੜਨੀ ਹੈ ਅਤੇ ਪਾਰਟੀ ਵਿੱਚ ਹੋਰ ਕੰਮ ਵੀ ਕਰਨੇ ਹਨ। 21 ਜੁਲਾਈ, 2021 ਨੂੰ, ਲਲਨ ਸਿੰਘ ਨੂੰ ਜੇਡੀਯੂ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ। ਰਾਸ਼ਟਰੀ ਪ੍ਰਧਾਨ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈ। ਲਲਨ ਸਿੰਘ ਨੇ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ।