ਚੰਡੀਗੜ੍ਹ/ਪਠਾਨਕੋਟ, 26 ਅਗਸਤ 2024: ਪੰਜਾਬ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਪਿੰਡ ਭਨਵਾਲ ਅੰਦਰ 70 ਲੱਖ ਰੁਪਏ ਦੀ ਲਾਗਤ ਵਾਲੀ ਵਾਟਰ ਸਪਲਾਈ ਪ੍ਰਣਾਲੀ ਦਾ ਨੀਹ ਪੱਥਰ ਰੱਖਿਆ ਹੈ | ਇਸ ਪ੍ਰਾਜੈਕਟ ਨਾਲ ਘੱਟ ਤੋਂ ਘੱਟ 500 ਪਰਿਵਾਰਾਂ ਨੂੰ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਇਸ ਵਾਟਰ ਸਪਲਾਈ ਦੇ ਨਿਰਮਾਣ ਦਾ ਕੰਮ ਕਰੀਬ 6 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਹੈ | ਇਸ ਦੌਰਾਨ ਸਭ ਤੋਂ ਪਹਿਲਾ ਪਿੰਡ ਮੈਰਾ ਕਲੋਨੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਿੰਡ ਅੰਦਰ ਲਾਇਬ੍ਰੇਰੀ ਬਣਾਉਣ ਦੇ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ |
ਇਸਦੇ ਨਾਲ ਹੀ ਉਨ੍ਹਾਂ (Lal Chand Kataruchak) ਨੇ ਪਿੰਡ ਝੰਡਪੁਰ ਦੇ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਪਿੰਡ ‘ਚ ਜੰਝਘਰ ਬਣਾਉਣ ਦਾ ਐਲਾਨ ਕੀਤਾ ਹੈ ।ਪਿੰਡ ‘ਚ ਛੇਤੀ ਹੀ ਇੱਕ ਵਧੀਆ ਪਾਰਕ ਬਣਾਇਆ ਜਾਵੇਗਾ | ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਪਿੰਡ ਕਲੇਸਰ ਦੀ ਵਾਟਰ ਸਪਲਾਈ ਤੋਂ ਪਾਈਪ ਲਾਈਨ ਪਾ ਕੇ ਪਿੰਡ ਝੰਡਪੁਰ ਦੇ ਵਾਸੀਆਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ |
ਇਸ ਤੋਂ ਇਲਾਵਾ ਪਿੰਡ ਕਲੇਸਰ ਵਾਸੀਆਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਪਿੰਡ ਫਿਰੋਜ਼ਪੁਰ ਕਲ੍ਹਾਂ ‘ਚ ਛੱਪੜ ਦੀ ਸਫਾਈ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ‘ਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਬਹੁਤ ਛੇਤੀ ਪੂਰੇ ਪੰਜਾਬ ‘ਚ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ |