ਚੰਡੀਗੜ੍ਹ, 09 ਜਨਵਰੀ 2026: ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਫ਼ਸਲ ਦੀ ਵਾਢੀ ਦਾ ਪ੍ਰਤੀਕ ਪੰਜਾਬ ਦਾ ਤਿਉਹਾਰ ਲੋਹੜੀ ਅੱਜ ਬੜੀ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਸਮੁੱਚੇ ਵਿਭਾਗ ਦੇ ਮੁਲਾਜ਼ਮਾਂ ਨਾਲ ਇਸ ਸਮਾਗਮ ‘ਚ ਸ਼ਾਮਲ ਹੋਏ।
ਇਸ ਸਮਾਗਮ ਦੀ ਸ਼ੁਰੂਆਤ ਲੋਹੜੀ ਦੇ ਬਾਲਣ ਨਾਲ ਹੋਈ ਅਤੇ ਮਾਹੌਲ ਰਵਾਇਤੀ ਸੰਗੀਤ ਅਤੇ ਲੋਕ ਨਾਚ ਦੀ ਗੂੰਜ ਨਾਲ ਝੂਮ ਉੱਠਿਆ। ਇਸ ਮੌਕੇ ਸਾਰਿਆਂ ਨੇ ਰੇਵੜੀ, ਗੱਚਕ ਅਤੇ ਮੂੰਗਫਲੀ ਵੰਡੀਆਂ। ਲੋਹੜੀ ਦੇ ਇਨ੍ਹਾਂ ਜਸ਼ਨਾਂ ਦੌਰਾਨ ਪੂਰਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੁਲਾਜ਼ਮਾਂ ਵੱਲੋਂ ਲੋਕ ਗੀਤ ਗਾਉਣ ਦੇ ਨਾਲ-ਨਾਲ ਲੋਹੜੀ ਦੁਆਲੇ ਨੱਚਦਿਆਂ ਸਭਨਾਂ ਲਈ ਖੁਸ਼ੀਆਂ ਮੰਗੀਆਂ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਲੋਹੜੀ ਪੰਜਾਬੀ ਸੱਭਿਆਚਾਰ ‘ਚ ਇੱਕ ਅਹਿਮ ਭੂਮਿਕਾ ਰੱਖਦਾ ਹੈ, ਜੋ ਠੰਢ ਦੇ ਜਾਣ ਅਤੇ ਵਾਢੀ ਦੇ ਮੌਸਮ ਦੀ ਆਮਦ ਦਾ ਪ੍ਰਤੀਕ ਹੈ। ਇਹ ਭਾਈਚਾਰਕ ਸਾਂਝ, ਸ਼ੁਕਰਾਨੇ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ। ਇਹ ਤਿਉਹਾਰ ਦਾ ਸਬੰਧ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਨਾਲ ਵੀ ਹੈ, ਜਿਨ੍ਹਾਂ ਨੇ ਧੀਆਂ ਦੀ ਰਾਖੀ ਲਈ ਮਹੱਤਵਪੂਰਨ ਕਿਰਦਾਰ ਨਿਭਾਇਆ ਸੀ।
ਇਸ ਤੋਂ ਪਹਿਲਾਂ ਮੰਤਰੀ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਵੀ ਕੀਤੀ ਅਤੇ ਹੜ੍ਹਾਂ ਦੇ ਬਾਵਜੂਦ ਪੰਜਾਬ ‘ਚ ਝੋਨੇ ਦੀ ਖਰੀਦ ਸਫ਼ਲ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਡੀਐਫਐਸਸੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਲਾਭ ਪ੍ਰਾਪਤ ਕਰਦੇ ਰਹਿਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਈ-ਕੇਵਾਈਸੀ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਹੁਕਮ ਵੀ ਦਿੱਤੇ।
Read More: ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਪੰਜਾਬ ਕੈਬਿਨਟ ‘ਚ ਲਏ ਕਈਂ ਅਹਿਮ ਫੈਸਲੇ




