ਚੰਡੀਗੜ੍ਹ 12 ਜਨਵਰੀ 2023: ਪੰਜਾਬ ਦੇ ਵਣ ਤੇ ਜੰਗਲੀ ਜੀਵ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ 21000 ਤੋਂ ਵਧੇਰੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਪਹਿਲੀ ਵਾਰ ਏਨੇ ਘੱਟ ਸਮੇਂ ਵਿੱਚ ਕਿਸੇ ਸੂਬਾ ਸਰਕਾਰ ਨੇ ਏਸ ਪੱਧਰ ’ਤੇ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀ ਕੇਵਲ ਨੌਂ ਮਹੀਨਿਆਂ ਦੇ ਸਮੇਂ ਵਿਚ ਕੀਤੀ ਗਈ ਹੈ।
ਅੱਜ ਵਣ ਭਵਨ ਮੋਹਾਲੀ ਵਿੱਖੇ 46 ਕਲਰਕਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਆਪਣੇ ਸੰਬੋਧਨ ਵਿੱਚ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਵਿਆਪਕ ਪੱਧਰ ਉਤੇ ਸ਼ੁਰੂ ਕੀਤੀ ਭਰਤੀ ਮੁਹਿੰਮ ਸਰਕਾਰ ਦੀ ਨੌਜਵਾਨਾਂ ਪ੍ਰਤੀ ਦਿ੍ਰੜ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਨੇ ਏਨੇ ਥੋੜ੍ਹੇ ਸਮੇਂ ਵਿਚ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜੇ ਖੋਲ੍ਹੇ ਹਨ।
ਪਾਰਦਰਸ਼ੀ ਭਰਤੀ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਕਟਾਰੂਚੱਕ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਉਤੇ ਦਿੱਤੀ ਗਈ ਹੈ ਕਿਉਂਕਿ ਨੌਕਰੀ ਹਾਸਲ ਕਰਨਾ ਯੋਗ ਨੌਜਵਾਨ ਦਾ ਹੱਕ ਹੁੰਦਾ ਹੈ। ਇਸ ਮਾਮਲੇ ਵਿਚ ਨਾ ਕਿਸੇ ਦੀ ਸਿਫਾਰਸ਼ ਮੰਨੀ ਗਈ ਹੈ ਅਤੇ ਅਤੇ ਨਾ ਹੀ ਕਿਸੇ ਦੀ ਸਿਫਾਰਸ਼ ਚੱਲਣ ਦਿੱਤੀ ਹੈ।
ਭਰਤੀ ਹੋਏ ਨਵੇਂ ਕਲਰਕਾਂ ਨੂੰ ਆਪਣੀ ਜ਼ਿੰਮੇਂਵਾਰੀ ਇਮਾਨਦਾਰੀ, ਮਿਹਨਤ ਅਤੇ ਸੰਜੀਦਗੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੇ ਹੋਏ ਕਟਾਰੂਚੱਕ ਨੇ ਕਿਹਾ ਕਿ ਮਾਨ ਸਰਕਾਰ ਭਿ੍ਰਸ਼ਟਾਚਾਰ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਬਚਨਵੱਧ ਹੈ ਅਤੇ ਇਸ ਸਬੰਧ ਵਿੱਚ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾ ਰਹੀ ਹੈੈ ਤਾਂ ਕਿ ਇਸ ਨਾਲ ਬਾਕੀਆਂ ਨੂੰ ਵੀ ਸਬਕ ਮਿਲ ਸਕੇ। ਨਵੇਂ ਭਰਤੀ ਹੋਣ ਵਾਲੇ ਕਲਰਕਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਇਮਾਨਦਾਰੀ ਦੀ ਬੇਹਤਰ ਮਿਸਾਲ ਬਣਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਵਣ ਕਾਰਪਰੋਸ਼ਨ ਦੇ ਚੇਅਰਮੈਨ ਰਕੇਸ਼ ਪੁਰੀ, ਵਧੀਕ ਮੁੱਖ ਸਕੱਤਰ ਵਣ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਪ੍ਰਧਾਨ ਮੁੱਖ ਵਣ ਪਾਲ ਆਰ.ਕੇ.ਮਿਸ਼ਰਾ, ਵਧੀਕ ਪ੍ਰਧਾਨ ਮੁੱਖ ਵੲ ਪਾਲ ( ਪ੍ਰਸਾਸਨ ਅਤੇ ਤਾਲਮੇਲ) ਧਰਮਿੰਦਰ ਸਰਮਾਂ, ਵਧੀਕ ਪ੍ਰਧਾਨ ਮੁੱਖ ਵਣ ਪਾਲ (ਵਿਕਾਸ) ਸੋਰਭ ਗੁਪਤਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।