ਚੰਡੀਗੜ੍ਹ, 14 ਨਵੰਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਲਾਹੌਰ ਹਾਈ ਕੋਰਟ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅ.ਤਿ.ਵਾ.ਦੀ ਕਹੇ ਜਾਣ ਦੇ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸਮਾਜ ਦੀ ਅਨਮੋਲ ਵਿਰਾਸਤ ਹਨ ਕਿਉਂਕਿ ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਸਮੁੱਚੇ ਸਮਾਜ ਨੂੰ ਪ੍ਰੇਰਿਤ ਕਰਦੀ ਹੈ। ਇਸ ਲਈ ਸ਼ਹੀਦਾਂ ਨੂੰ ਸੌੜੀ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਹਾਨ ਵਿਰਾਸਤ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਕੈਬਿਨਟ ਮੰਤਰੀ (Lal Chand Kataruchak) ਮੁਤਾਬਕ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਅਸਿਸਟੈਂਟ ਐਡਵੋਕੇਟ ਜਨਰਲ ਅਸਗਰ ਲੇਘਾਰੀ ਨੇ ਲਾਹੌਰ ਦੇ ਸ਼ਾਦਮਾਨ ਚੌਕ (ਜੋ ਕਦੇ ਸੈਂਟਰਲ ਜੇਲ੍ਹ, ਲਾਹੌਰ ਦਾ ਹਿੱਸਾ ਹੁੰਦਾ ਸੀ) ਦਾ ਨਾਂ ਬਦਲਣ ਸਬੰਧੀ ਕੇਸ ਬਾਰੇ ਹਾਈ ਕੋਰਟ ‘ਚ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਦੀ ਨੁਮਾਇੰਦਗੀ ਕਰਦਿਆਂ ਇਹ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਹ ਉਹੀ ਸਥਾਨ ਹੈ ਜਿੱਥੇ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਮਹਾਨ ਕ੍ਰਾਂਤੀਕਾਰੀ ਹੈ, ਸ਼ਹੀਦ ਭਗਤ ਸਿੰਘ ਨੇ ਅਣਵੰਡੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਇਸ ਲਈ ਆਜ਼ਾਦੀ ਸੰਗਰਾਮ ਦੇ ਇਸ ਮਹਾਨ ਨਾਇਕ ਨੂੰ ਬਣਦਾ ਸਤਿਕਾਰ ਦੇਣਾ ਹਰ ਵਿਅਕਤੀ ਦਾ ਫਰਜ਼ ਹੈ।
ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੁੱਚੇ ਭਾਰਤੀ ਉਪ ਮਹਾਂਦੀਪ ਦਾ ਮਹਾਨ ਨਾਇਕ ਹੈ ਅਤੇ ਉਨ੍ਹਾਂ ਨੂੰ ਅ.ਤਿ.ਵਾ.ਦੀ ਕਹਿਣਾ ਕੱਟੜਪੰਥੀ ਤੱਤਾਂ ਦੀ ਕਾਇਰਤਾ ਅਤੇ ਫਿਰਕੂ ਸੋਚ ਨੂੰ ਨੰਗਾ ਕਰਦਾ ਹੈ। ਅਜਿਹੇ ਤੱਤ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਦੀਆਂ ਕੋਸ਼ਿਸ਼ਾਂ ‘ਚ ਰੁਕਾਵਟ ਬਣਦੇ ਹਨ।
ਜ਼ਿਕਰਯੋਗ ਹੈ ਕਿ ਲਾਹੌਰ ਦੀ ਸ਼ਹੀਦ-ਏ-ਆਜ਼ਮ ਵੈਲਫੇਅਰ ਸੁਸਾਇਟੀ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਸੰਘਰਸ਼ ਕਰ ਰਹੀ ਹੈ।