ਚੰਡੀਗੜ੍ਹ 10 ਨਵੰਬਰ 2023: ਪੰਜਾਬ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਆਈਆਂ ਸ਼ਖ਼ਸੀਅਤਾਂ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ (Lakhwinder wadali) ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਮੰਤਰ ਮੁਗਧ ਕਰ ਦਿੱਤਾ, ਅਤੇ ਇਸ ਮੌਕੇ ਦੀਆਂ ਤਸਵੀਰਾਂ ਤੇ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ ਦੀ ਇਹ ਰਿਸੈਪਸ਼ਨ ਪਾਰਟੀ ਨਯਾ ਗਾਓਂ ਦੇ ਇੱਕ ਰਿਜ਼ੋਰਟ ਵਿਖੇ ਰੱਖੀ ਗਈ ਸੀ, ਜਿਸ ‘ਚ ਸਿਆਸਤ, ਮੀਡੀਆ ਅਤੇ ਕਲਾ ਜਗਤ ਦੇ ਨਾਮਵਰ ਚਿਹਰੇ ਹਾਜ਼ਰ ਹੋਏ। ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵੱਡੇ ਚਿਹਰਿਆਂ ਨੇ ਵੀ ਇਸ ਪਾਰਟੀ ‘ਚ ਸ਼ਿਰਕਤ ਕੀਤੀ।
ਵਡਾਲੀ (Lakhwinder wadali) ਪਰਿਵਾਰ ਦੀ ਬੇਮਿਸਾਲ ਗਾਇਕੀ ਨੂੰ ਅੱਗੇ ਵਧਾ ਰਹੇ ਲਖਵਿੰਦਰ ਵਡਾਲੀ ਦੀ ਗਿਣਤੀ ਪੰਜਾਬ ਦੇ ਉਹਨਾਂ ਚੋਣਵੇਂ ਕਲਾਕਾਰਾਂ ‘ਚ ਕੀਤੀ ਜਾਂਦੀ ਹੈ ਜਿਹੜੇ ਆਪਣੀ ਲਾਈਵ ਗਾਇਕੀ ਅਤੇ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦੇਣ ਦਾ ਹੁਨਰ ਰੱਖਦੇ ਹਨ। ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ, ਸੰਗੀਤ ਤੇ ਮੀਡੀਆ ਜਗਤ ਦੇ ਵੱਡੇ ਨਾਂਅ ਦੀਪਕ ਬਾਲੀ, ਅਤੇ ਅਨੇਕਾਂ ਹੋਰ ਮੰਨੇ-ਪ੍ਰਮੰਨੇ ਚਿਹਰੇ ਲਖਵਿੰਦਰ ਵਡਾਲੀ ਦੀ ਗਾਇਕੀ ‘ਤੇ ਥਿਰਕਦੇ ਨਜ਼ਰ ਆਏ। ਖੁਦ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਨੇ ਵੀ ਵਡਾਲੀ ਦੀ ਗਾਇਕੀ ਦਾ ਸਟੇਜ ‘ਤੇ ਬੈਠ ਕੇ ਅਨੰਦ ਮਾਣਿਆ।
ਇਸ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੇ ਹਨ ਅਤੇ ਵਡਾਲੀ ਦੀ ਗਾਇਕੀ ਪਸੰਦ ਕਰਨ ਵਾਲੇ ਲੋਕ ਉਹਨਾਂ ਦੇ ਸੋਸ਼ਲ ਮੀਡੀਆ ‘ਤੇ ਉਹਨਾਂ ਨਾਲ ਇਹ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੇ ਹਨ।