10 ਫਰਵਰੀ ਨੂੰ ਐੱਸ.ਐੱਸ.ਪੀ ਦਫ਼ਤਰ ਦਾ ਘੇਰਨ ਦਾ ਐਲਾਨ
ਚੰਦਭਾਨ ਦੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਫੌਰੀ ਰਿਹਾਅ ਕਰਨ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ
ਜੈਤੋ ਥਾਣਾ ਮੁਖੀ ਨੂੰ ਬਰਖ਼ਾਸਤ ਕਰਨ ਅਤੇ ਐੱਮ.ਐੱਲ.ਏ ਨੂੰ ਕੇਸ ਵਿੱਚ ਨਾਮਜ਼ਦ ਕਰਨ ਦੀ ਵੀ ਉੱਠੀ ਮੰਗ
10 ਫਰਵਰੀ 2025: ਫਰੀਦਕੋਟ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮੀਟਿੰਗ (meeting) ਕਰਕੇ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕਰਨ ਉਪਰੰਤ ਐਲਾਨ ਕੀਤਾ ਕਿ ਚੰਦਭਾਨ ਦੇ ਮਜ਼ਦੂਰਾਂ ਦੀ ਬਿਨਾਂ ਸ਼ਰਤ ਰਿਹਾਈ ਆਦਿ ਲਈ 10 ਫ਼ਰਵਰੀ ਨੂੰ ਐੱਸ.ਐੱਸ.ਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ । ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਤੇਜ ਸਿੰਘ ਹਰੀ ਨੌ, ਕੋ ਕਨਵੀਨਰ ਗੋਰਾ ਪਿਪਲੀ ਅਤੇ ਵਿੱਤ ਸਕੱਤਰ ਗੁਰਪਾਲ ਸਿੰਘ ਨੰਗਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਿਰਾਓ ਦੌਰਾਨ ਮੰਗ ਕੀਤੀ ਜਾਵੇਗੀ ਕਿ ਬੀਤੇ ਦਿਨੀਂ ਪਿੰਡ ਚੰਦਭਾਨ ਵਿਖੇ ਜ਼ਬਰ ਕਰਕੇ ਗ੍ਰਿਫ਼ਤਾਰ ਕੀਤੇ ਮਜ਼ਦੂਰ ਮਰਦਾਂ ਔਰਤਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਵਿਰੋਧੀ ਧਿਰ ਦੀ ਗੋਲੀ ਦਾ ਸ਼ਿਕਾਰ ਹੋਏ ਜੇਲ੍ਹ ਡੱਕੇ ਮਜ਼ਦੂਰਾਂ ਨੂੰ ਫੌਰੀ ਹਸਪਤਾਲ ਭਰਤੀ ਕਰਵਾ ਕੇ ਇਲਾਜ ਕਰਵਾਇਆ ਜਾਵੇ, ਮਜ਼ਦੂਰਾਂ ਉੱਪਰ ਗੋਲ਼ੀ ਚਲਾਉਣ ਵਾਲਿਆਂ ਖਿਲਾਫ਼ ਇਰਾਦਾ ਕਤਲ, ਐੱਸ.ਸੀ.ਐੱਸ.ਟੀ ਐਕਟ ਆਦਿ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਮਾਮਲੇ ਵਿੱਚ ਗਮਦੂਰ ਸਿੰਘ ਪੱਪੂ,ਐੱਮ ਐੱਲ ਏ ਜੈਤੋਂ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਜਾਵੇ, ਐੱਸ ਐੱਚ ਓ ਜੈਤੋ ਨੂੰ ਬਰਖ਼ਾਸਤ ਕੀਤਾ ਜਾਵੇ, ਸਾਰੇ ਮਾਮਲੇ ਦੀ ਅਦਾਲਤੀ ਜਾਂਚ ਕਰਵਾ ਕੇ ਕਸੂਰਵਾਰ ਪੁਲਿਸ ਤੇ ਸਿਵਲ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮਜ਼ਦੂਰ ਘਰਾਂ ਆਦਿ ਦੇ ਕੀਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਮੀਟਿੰਗ ਵਿੱਚ ਜਥੇਬੰਦੀਆਂ ਦੇ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ (press) ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਮੰਗਾ ਸਿੰਘ ਵੈਰੋਕੇ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਗੁਰਤੇਜ ਸਿੰਘ ਹਰੀਨੌ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਪਾਲ ਸਿੰਘ ਨੰਗਲ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਿਕੰਦਰ ਸਿੰਘ ਅਜਿੱਤਗਿੱਲ,ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸਤਨਾਮ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਗਿੰਦਰ ਸਿੰਘ ਰੋਡੇ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਜ਼ਾਦ ਦੇ ਹਰਵਿੰਦਰ ਸਿੰਘ ਸੇਮਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੱਖਣ ਸਿੰਘ ਗੁਰੂਸਰ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਵੀਰ ਕੌਰ ਗੰਧੜ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਕੁੱਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜ ਭੰਨ,ਏਟਕ ਦੇ ਅਸ਼ੋਕ ਕੌਂਸਲ, ਮਗਨਰੇਗਾ ਰੁਜ਼ਗਾਰ ਮਜ਼ਦੂਰ ਯੂਨੀਅਨ ਦੇ ਗੋਰਾ ਪਿਪਲੀ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਤੇ ਸੁਖਪਾਲ ਸਿੰਘ ਖਿਆਲੀ ਆਦਿ ਨੇ ਸ਼ਮੂਲੀਅਤ ਕੀਤੀ ।
ਮੀਟਿੰਗ ਉਪਰੰਤ ਸੂਬਾਈ ਆਗੂਆਂ ਨੇ ਪਿੰਡ ਦਾ ਦੌਰਾ ਕਰਕੇ ਮਜ਼ਦੂਰਾਂ ਦਾ ਹਾਲ ਜਾਣਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਬੱਚਿਆਂ,ਬੁੱਢਿਆ ਅਤੇ ਔਰਤਾਂ ਨੂੰ ਅੰਨੇਵਾਹ ਕੁੱਟਮਾਰ ਹੀ ਨਹੀਂ ਕੀਤੀ ਗਈ ਸਗੋਂ ਹਿਰਾਸਤ ਵਿੱਚ ਲੈ ਕੇ ਨਾਬਾਲਗ ਬੱਚਿਆਂ ਨੂੰ ਕੁੱਟਦੇ ਹੋਏ ਉਹਨਾਂ ਤੋਂ ਸਿਆਣੇ ਵਿਅਕਤੀਆਂ ਨੂੰ ਜ਼ਲੀਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਜੈਤੋਂ ਪੁਲਿਸ ਦਖ਼ਲ ਦੇ ਕੇ ਮਸਲੇ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕਦੀ ਤਾਂ ਇਸ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ ਅਤੇ ਮੌਕੇ ‘ਤੇ ਹਾਜ਼ਰ ਪੁਲਿਸ ਅਧਿਕਾਰੀ ਜੇ ਸਿਆਸੀ ਦਬਾਅ ਹੇਠ ਮਜ਼ਦੂਰਾਂ ਉੱਪਰ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਸ਼ਹਿ ਨਾ ਦਿੰਦੇ ਤਾਂ ਇਸ ਟਕਰਾਅ ਤੋਂ ਬਚਿਆ ਜਾ ਸਕਦਾ ਸੀ।
ਆਗੂਆਂ ਨੇ ਕਿਹਾ ਕਿ ਪੁਲਿਸ ਅਜੇ ਵੀ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਹੋਣ ਦੇ ਬਾਵਜੂਦ ਮਜ਼ਦੂਰਾਂ ਉੱਪਰ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਬਚਾਉਣ ਲੱਗੀ ਹੋਈ ਹੈ ਅਤੇ ਬਣਦੀਆਂ ਇਰਾਦਾ ਕਤਲ ਤੇ ਐੱਸ ਸੀ ਐੱਸ ਟੀ ਐਕਟ ਤਹਿਤ ਧਾਰਾ ਨਹੀਂ ਲਗਾਈ ਗਈ। ਪੁਲਿਸ ਵਲੋਂ ਮਜ਼ਦੂਰਾਂ ਵਿਰੁੱਧ ਇੱਕ ਪਾਸੜ ਕਾਰਵਾਈ ਕੀਤੀ ਗਈ ਅਤੇ ਮਜ਼ਦੂਰਾਂ ਵਿੱਚ ਬੇਗਾਨਗੀ ਦੀ ਭਾਵਨਾਵਾਂ ਪੈਦਾ ਕਰਕੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਪਹਿਲਾਂ ਹੀ ਭਗਵੰਤ ਮਾਨ ਸਰਕਾਰ ਵਿਰੁੱਧ ਮਜ਼ਦੂਰਾਂ ਵਿੱਚ ਵੱਡੇ ਪੱਧਰ ‘ਤੇ ਬੇਚੈਨੀ ਪਾਈ ਜਾ ਰਹੀ ਹੈ। ਸਰਕਾਰ ਵੱਲੋਂ ਵੀ ਮਜ਼ਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਉਕਤ ਜਥੇਬੰਦੀਆਂ ਨੇ ਸਾਰੇ ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਨੂੰ ਪਿੰਡ ਚੰਦਭਾਨ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ 10 ਫ਼ਰਵਰੀ ਨੂੰ ਐੱਸ ਐੱਸ ਪੀ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
Read More: Kisan Protest 2025: ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਗਣਤੰਤਰ ਦਿਵਸ ‘ਤੇ ਕੱਢਿਆ ਜਾਵੇਗਾ ਟਰੈਕਟਰ ਮਾਰਚ